ਨਸ਼ਾ ਤਸ਼ਕਰਾਂ ਵਿਰੁੱਧ ਸੇਫ ਪੋਰਟਲ ਜ਼ਰੀਏ ਹੋਏ ਪੰਜ ਹਜ਼ਾਰ ਤੋਂ ਵੱਧ ਮੁਕੱਦਮੇ
ਯੁੱਧ ਨਸ਼ਿਆਂ ਵਿਰੁੱਧ’ ਲਹਿਰ ਨੂੰ ਸੂਬੇ ’ਚ ਮਿਲ ਰਹੀ ਹੈ ਵੱਡੀ ਸਫ਼ਲਤਾ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 13 ਅਗਸਤ : ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਲਹਿਰ ਨੂੰ ਸੂਬੇ ਵਿਚ ਵੱਡੀ ਸਫ਼ਲਤਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਕੱਲੇ ‘ਸੇਫ ਪੰਜਾਬ ਪੋਰਟਲ’ ਸਦਕਾ 5,000 ਤੋਂ ਵੱਧ ਮੁਕੱਦਮੇ ਦਰਜ ਕੀਤੇ ਗਏ ਹਨ। ਪੁਲਿਸ ਨੇ ਕੁੱਲ 16,322 ਕੇਸ ਦਰਜ ਕਰ ਕੇ 25,552 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ 182 ਗ਼ੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹਿਆ ਗਿਆ ਹੈ। ਪੁਲਿਸ ਨੇ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਜਿਸ ਵਿਚ 1,054 ਕਿੱਲੋ ਹੈਰੋਇਨ, 21,534 ਕਿੱਲੋ ਭੁੱਕੀ, 366 ਕਿੱਲੋ ਅਫ਼ੀਮ ਅਤੇ ਤਿੰਨ ਮਿਲੀਅਨ ਤੋਂ ਵੱਧ ਗੋਲੀਆਂ, ਕੈਪਸੂਲ ਅਤੇ ਨਸ਼ੀਲੀਆਂ ਦਵਾਈਆਂ ਸ਼ਾਮਲ ਹਨ। ਚੀਮਾ ਨੇ ਕਿਹਾ ਕਿ ਤਤਕਾਲੀ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਸਰਕਾਰਾਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਬਲਕਿ ਇਹਨਾਂ ਦੀ ਸਰਪ੍ਰਸਤੀ ਕੀਤੀ ਹੈ ਜਦਕਿ ਆਪ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਰਾਹੀਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਅਤੇ ਲੋਕ ਨਸ਼ਾ ਤਸ਼ਕਰਾਂ ਵਿਰੁੱਧ ਖੁਦ ਅੱਗੇ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਦੇ ਜਨਤਕ ਤੌਰ ’ਤੇ ਜਾਣੇ ਜਾਂਦੇ ਸਰਗਣਿਆਂ ਨੂੰ ਸਰਕਾਰ ਵੱਲੋਂ ਜੇਲ੍ਹ ਭੇਜਿਆ ਗਿਆ ਹੈ ਅਤੇ ਜੋਗਾ ਸਿੰਘ ਦੀ ਹਾਲ ਹੀ ਵਿਚ ਹੋਈ ਗ੍ਰਿਫ਼ਤਾਰੀ ਨਾਲ ਨਸ਼ਾ ਨੈੱਟਵਰਕ ਦੇ ਹੋਰ ਪ੍ਰਮੁੱਖ ਵਿਅਕਤੀਆਂ ਨੂੰ ਫੜਨ ਵਿਚ ਮਦਦ ਮਿਲਣ ਦੀ ਉਮੀਦ ਹੈ।ਚੀਮਾ ਨੇ ਕਿਹਾ ਕਿ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਦੇ ਹਿੱਤ ਲਈ ਲਿਆਂਦੀ ਗਈ ਸੀ, ਕਿਸਾਨਾਂ ਨੂੰ ਪਾਲਿਸੀ ਪਸੰਦ ਨਹੀਂ ਤਾਂ ਸਰਕਾਰ ਨੇ ਇਹ ਸਕੀਮ ਵਾਪਸ ਲੈ ਲਈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਟੇਲ ਤੱਕ ਪਾਣੀ ਪੁੱਜਿਆ ਹੈ ਅਤੇ ਕਿਸਾਨਾਂ ਨੂੰ ਖੇਤੀ ਲਈ ਦਿਨ ਵਿਚ ਬਿਜਲੀ ਮਿਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਦੇ ਨਤੀਜੇ 2022 ਨਾਲੋਂ ਵੀ ਬਿਹਤਰ ਆਉਣਗੇ।



