
ਜਗਰਾਓਂ , 8 ਮਈ- ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਪਿੰਡ ਨਾਰੰਗਵਾਲ ’ਚ ਨਸ਼ਾ ਤਸਕਰ ਪਤੀ-ਪਤਨੀ ਵੱਲੋਂ ਪੰਚਾਇਤੀ ਜ਼ਮੀਨ ’ਤੇ ਬਣਾਏ ਆਲੀਸ਼ਾਨ ਘਰ ਨੂੰ ਜੇਸੀਬੀ ਨਾਲ ਢਹਿ ਢੇਰੀ ਕਰ ਦਿੱਤਾ। ਇਸ ਕਾਰਵਾਈ ਦੌਰਾਨ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਡਾ. ਅੰਕੁਰ ਗੁਪਤਾ ਖੁਦ ਪਿੰਡ ਪੁੱਜੇ। ਉਨ੍ਹਾਂ ਸਮੇਤ ਪੁਲਿਸ ਅਧਿਕਾਰੀਆਂ ਤੇ ਪੁਲਿਸ ਫੋਰਸ ਦੀ ਅਗਵਾਈ ’ਚ ਲੁਧਿਆਣਾ ਪ੍ਰਸ਼ਾਸਨ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਬੁੱਧਵਾਰ ਸਵੇਰੇ ਪਿੰਡ ਨਾਰੰਗਵਾਲ ਵਿਖੇ ਐੱਸਐੱਸਪੀ ਡਾ. ਅੰਕੁਰ ਗੁਪਤਾ, ਐੱਸਪੀ ਰਾਮਨਿੰਦਰ ਸਿੰਘ, ਦਾਖਾ ਦੇ ਡੀਐੱਸਪੀ ਵਰਿੰਦਰ ਸਿੰਘ ਖੋਸਾ, ਡੀਐੱਸਪੀ ਇੰਦਰਜੀਤ ਸਿੰਘ ਬੋਪਾਰਾਏ ਤੇ ਲੁਧਿਆਣਾ ਕੇਂਦਰੀ ਦੇ ਤਹਿਸੀਲਦਾਰ ਸੰਦੀਪ ਕੁਮਾਰ ਪੁੱਜੇ। ਉਨ੍ਹਾਂ ਵੱਲੋਂ ਦਿੱਤੇ ਨਿਰਦੇਸ਼ਾਂ ’ਤੇ ਜੇਸੀਬੀ ਰਾਹੀਂ ਪਿੰਡ ਦੇ ਵਸਨੀਕ ਬਲਵੰਤ ਸਿੰਘ ਪੁੱਤਰ ਕਰਤਾਰ ਸਿੰਘ ਦਾ ਘਰ ਢਾਹ ਦਿੱਤਾ ਗਿਆ। ਇਸ ਮੌਕੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਗਈ ਹੈ। ਜਿਸ ਵਿਚ ਜਿੱਥੇ ਨਸ਼ਾ ਤਸਕਰਾਂ ਨੂੰ ਜ਼ੇਲ੍ਹੀ ਡੱਕਿਆ ਜਾ ਰਿਹਾ ਹੈ, ਉਥੇ ਉਨ੍ਹਾਂ ਵੱਲੋਂ ਬਣਾਈਆਂ ਜਾਇਦਾਦਾਂ ਨੂੰ ਫਰੀਜ਼ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਤਹਿਤ ਪਿੰਡ ਨਾਰੰਗਵਾਲ ਦੇ ਬਲਵੰਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਕੁਲਵੀਰ ਕੌਰ ਵਲੋਂ ਪੰਚਾਇਤੀ ਜ਼ਮੀਨ ’ਤੇ ਨਾਜਾਇਜ ਮਕਾਨ ਉਸਾਰਿਆ ਗਿਆ ਸੀ, ਨੂੰ ਅੱਜ ਢਾਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਪਤੀ ਪਤਨੀ ਖ਼ਿਲਾਫ਼ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਭਵਿੱਖ ਵਿਚ ਵੀ ਇਹ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੇਗੀ।



