ਪਿੰਡ ਸੁਰੱਖਿਆ ਕਮੇਟੀਆਂ ਨੂੰ ਸਹੁੰ ਚੁਕਾਈ, ਪਿੰਡਾਂ ਦੇ ਰਖਵਾਲੇ ਤੇ ਪਹਿਰੇਦਾਰ ਦੱਸਿਆ
ਨਸ਼ਾ ਮੁਕਤੀ ਮਾਰਚ ਵਿੱਚ ਸ਼ਾਮਲ ਪਿੰਡ ਸੁਰੱਖਿਆ ਕਮੇਟੀਆਂ ਤੇ ਵਾਰਡ ਸੁਰੱਖਿਆ ਕਮੇਟੀਆਂ ਦੇ ਮੈਂਬਰਾਂ ਨੂੰ ਪਹਿਰੇਦਾਰ ਦੀ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਰੇਦਾਰਾਂ ਦੇ ਸਹਿਯੋਗ ਨਾਲ ਹੀ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਮੁੜ ‘ਰੰਗਲਾ ਪੰਜਾਬ’ ਬਣਾਇਆ ਜਾਵੇਗਾ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਤਿੰਨ ਪੱਖੀ ਰਣਨੀਤੀ ਦਾ ਜ਼ਿਕਰ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਾ ਤਸਕਰਾਂ ਦੇ ਖਿਲਾਫ਼ ਸਖ਼ਤ ਐਕਸ਼ਨ, ਨਸ਼ਾ ਛੁਡਾਉਣ ਲਈ ਮੁਫਤ ਇਲਾਜ ਅਤੇ ਮੁੜ ਵਸੇਬੇ ਲਈ ਕਿੱਤਾਮੁਖੀ ਸਿਖਲਾਈ ਦੇਣ ਦੀ ਢੁਕਵੀਂ ਵਿਉਂਤਬੰਦੀ ਕੀਤੀ ਹੋਈ ਹੈ ਤਾਂ ਕਿ ਪੀੜਤ ਲੋਕ ਇਸ ਅਲਾਮਤ ਤੋਂ ਛੁਟਕਾਰਾ ਪਾ ਕੇ ਸਮਾਜ ’ਚ ਮਾਣ-ਸਤਿਕਾਰ ਦਾ ਜੀਵਨ ਬਸਰ ਕਰ ਸਕਣ।
ਦੂਜਿਆ ਦੇ ਘਰਾਂ ’ਚ ਸੱਥਰ ਵਿਛਾਉਣ ਵਾਲਿਆ ਦੇ ਘਰ ਦੀਪਮਾਲਾ ਨਹੀਂ ਹੋਵੇਗੀ
ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਣ ਲਈ ਪੰਚਾਇਤਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰ ਰੋਜ਼ 200 ਪੰਚਾਇਤਾਂ ਨਸ਼ੇ ਦੇ ਖਿਲਾਫ਼ ਮਤੇ ਪਾ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਤਸਕਰਾਂ ਦੇ ਘਰਾਂ ’ਤੇ ਪੀਲਾ ਪੰਜ ਏਦਾਂ ਹੀ ਚੱਲਦਾ ਰਹੇਗਾ। ਜਿਹੜੇ ਲੋਕਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਲਾ ਕੇ 10-15 ਘਰਾਂ ਦੇ ਚਿਰਾਗ ਤੇ ਸਿਰ ਦੇ ਸਾਈਂ ਮੁਕਾਏ ਹਨ, ਉਨ੍ਹਾਂ ਦੇ ਚੁਬਾਰੇ ਏਦਾਂ ਹੀ ਢਹਿ-ਢੇਰੀ ਕੀਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਨਸ਼ੇ ਦੇ ਦੈਂਤ ਨਾਲ ਦੂਜਿਆ ਦੇ ਘਰਾਂ ’ਚ ਮੌਤ ਦਾ ਸੱਥਰ ਵਿਛਾਉਣ ਵਾਲਿਆ ਵੱਲੋਂ ਬਣਾਏ ਗਏ ਮਹਿਲਾਂ ਅੰਦਰ ਦੀਪਮਾਲਾ ਨਹੀਂ ਹੋਵੇਗੀ। ਉਨ੍ਹਾਂ ਨੇ ਆਪਣੀ ਪਾਪ ਦੀ ਕਮਾਈ ਦਾ ਹਿਸਾਬ ਏਥੇ ਹੀ ਦੇਣਾ ਪਵੇਗਾ।
ਲੜਦੀਆ ਫੌਜਾਂ ਨੇ ਤੇ ਨਾਂ ਜਰਨੈਲ ਦਾ ਹੁੰਦੈ
ਮੁੱਖ ਮੰਤਰੀ ਨੇ ਪੰਡਾਲ ’ਚ ਮੌਜੂਦ ਪੇਂਡੂ ਡਿਫੈਂਸ ਕਮੇਟੀਆ ਤੇ ਵਾਰਡ ਡਿਫੈਂਸ ਕਮੇਟੀਆ ਦੇ ਮੈਂਬਰਾਂ ਨੂੰ ਸੰਬੋਧਤ ਹੁੰਦਿਆ ਕਿਹਾ ਕਿ ਤੁਸੀਂ ਸਾਰਿਆ ਨੇ ਆਪੋ-ਆਪਣੇ ਪਿੰਡਾਂ ਤੇ ਵਾਰਡਾਂ ਦੇ ਪਹਿਰੇਦਾਰ ਬਣਨਾ ਹੈ। ਜਿਵੇਂ ਪਹਿਲਾਂ ਚੋਰਾਂ ਤੇ ਗੈਰ-ਸਮਾਜੀ ਅਨਸਰਾਂ ਤੋਂ ਬਚਾਅ ਲਈ ਠੀਕਰੀ ਪਹਿਰਾ ਦਿੱਤਾ ਜਾਂਦਾ ਸੀ, ਉਸੇ ਤਰ੍ਹਾਂ ਹੀ ਨਸ਼ਾ ਤਸਕਰਾਂ ਨੂੰ ਰੋਕਣ ਲਈ ਤੁਸੀਂ ਪਹਿਰਾ ਦੇਵੋਗੇ। ਨਸ਼ਾ ਕਰਨ ਵਾਲੇ ਨੂੰ ਨਸ਼ਾ ਤਿਆਗਣ ਲਈ ਸਮਝਾਓ ਤੇ ਲੋੜ ਹੈ ਤਾਂ ਉਸ ਨੇ ਨੇੜੇ ਨਸ਼ਾ ਮੁਕਤੀ ਕੇਂਦਰ ’ਚ ਇਲਾਜ ਲਈ ਦਾਖਲ ਕਰਵਾਓ। ਨਸ਼ੇ ਦੇ ਕੇਸ ’ਚ ਫੜੇ ਜਾਣ ਵਾਲਿਆ ਦੀ ਜ਼ਮਾਨਤ ਲਈ ਗਵਾਹੀ ਨਾ ਦੇਣ ਦੀ ਸਹੁੰ ਖਾਓ। ਅਜਿਹਾ ਕਰਕੇ ਹੀ ਅਸੀਂ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ।
ਨਸ਼ਾਮੁਕਤ ਬਣਨ ਵਾਲੇ ਪਿੰਡਾਂ ਨੂੰ ਮਿਲੇਗੀ ਵਿਸ਼ੇਸ਼ ਗ੍ਰਾਂਟ
ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦਾ ਦਿੱਤਾ ਕਿ ਜਿਨ੍ਹਾਂ ਪਿੰਡਾਂ ਦੇ ਲੋਕ ਤੇ ਪੰਚਾਇਤਾਂ ਪਿੰਡ ਨੂੰ ਨਸ਼ਾਮੁਕਤ ਕਰਕੇ ਉਥੋਂ ਨਸ਼ਾਮੁਕਤ ਹੋਣ ਦੀ ਤਖ਼ਤੀ ਲਾ ਦੇਣਗੀਆ, ਉਨ੍ਹਾਂ ਨੂੰ ਵਿਕਾਸ ਕੰਮਾਂ ਲਈ ਵਿਸ਼ੇਸ਼ ਗ੍ਰਾਂਟ ਮਿਲੇਗੀ। ਉਨ੍ਹਾਂ ਕਿਹਾ ਕਿ ਨਸ਼ਾਮੁਕਤ ਹੋਣ ਵਾਲੇ ਪਿੰਡਾਂ ’ਚ ਖੇਡ ਮੈਦਾਨ ਜਾਂ ਆਮ ਆਦਮੀ ਕਲੀਨਿਕ ਤੇ ਸਕੂਲ, ਜਿਸ ਦੀ ਵੀ ਲੋੜ ਹੋਵੇਗੀ, ਬਣਾ ਕੇ ਦਿੱਤੀ ਜਾਵੇਗੀ। ਨਸ਼ੇ ਦੇ ਖਾਤਮੇ ਲਈ ਅੱਗੇ ਆਉਣ ਵਾਲਿਆ ਦੀ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਨੂੰ ਮਾਡਲ ਪਿੰਡ ਬਣਾਵਾਂਗੇ ਅਤੇ ਉਨ੍ਹਾਂ ਦੀ ਮਿਸਾਲ ਸੂਬੇ ਦੇ ਬਾਕੀ ਪਿੰਡਾਂ ਨੂੰ ਦਿੱਤੀ ਜਾਵੇਗੀ। ਇਸ ਲਈ ਸਰਪੰਚਾਂ ਨੂੰ ਆਪਸ ’ਚ ਗਰੁੱਪ ਬਣਾ ਕੇ ਇਕ-ਦੂਜੇ ਨਾਲ ਰਾਬਤਾ ਕਾਇਮ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਪੰਚਾਇਤਾਂ ਤੇ ਗ੍ਰਾਮ ਸਭਾਵਾਂ ਦੇ ਕੰਮਾਂ ਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਪਰਚੇ ਵੀ ਪਿੰਡਾਂ ’ਚ ਵੰਡੇ ਜਾਣਗੇ ਤਾਂ ਜੋ ਉਹ ਆਪਣੇ ਪਿੰਡ ਦੇ ਵਿਕਾਸ ਲਈ ਫੈਸਲੇ ਕਰ ਸਕਣ।
ਸੜਕਾਂ ਦੇ ਨਿਰਮਾਣ ਤੇ ਤਹਿਸੀਲਾਂ ’ਚ ਹੋਣ ਵਾਲਾ ਭ੍ਰਿਸ਼ਟਾਚਾਰ ਰੋਕਿਆ
ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਦੇ ਰੋਡ ਨੈੱਟਵਰਕ ਨੂੰ ਮਜ਼ਬੂਤ ਬਣਾਉਣ ਲਈ 19000 ਕਿਲੋਮੀਟਰ ਲਿੰਕ ਸੜਕਾਂ ਦਾ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਉਪਰ 3500 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ 1200 ਕਿਲੋਮੀਟਰ ਅਜਿਹੀਆਂ ਸੜਕਾਂ ਦੀ ਸ਼ਨਾਖਤ ਕੀਤੀ ਗਈ ਹੈ ਜੋ ਸਿਰਫ ਕਾਗਜ਼ਾਂ ਵਿਚ ਹੀ ਸਨ ਜਿਸ ਨਾਲ 250 ਕਰੋੜ ਰੁਪਏ ਦੀ ਬੱਚਤ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਸਖ਼ਤ ਕਦਮ ਚੁੱਕੇ ਗਏ ਹਨ। ਹੁਣ ਰਜਿਸਟਰੀਆਂ ਉਰਦੂ ’ਚ ਨਹੀਂ ਸਗੋਂ ਪੰਜਾਬੀ ਵਿੱਚ ਸਰਲ ਲਿਖੀਆਂ ਜਾ ਰਹੀਆਂ ਹਨ ਅਤੇ ਤਹਿਸੀਲਦਾਰਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਤਬਦੀਲ ਕਰਕੇ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਪੁਰਾਣੇ ਤੰਤਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਜਨਤਾ ਨਾਲ ਸਿੱਧੇ ਸੰਪਰਕ ਕਰਕੇ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੰਮ ਕਰਨ ‘ਤੇ ਜ਼ੋਰ ਦੇ ਰਹੀ ਹੈ।
ਸੜਕ ਸੁਰੱਖਿਆ ਫੋਰਸ ਨੇ ਨਿਭਾਈ ਰਹੀ ਅਹਿਮ ਜ਼ਿੰਮੇਵਾਰੀ
ਸੜਕ ਸੁਰੱਖਿਆ ਫੋਰਸ ਨੂੰ ‘ਮਾਨਵਤਾ ਦੀ ਰਖਵਾਲੀ’ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ’ਚ ਐੱਸਐੱਸਐਫ ਦੇ ਗਠਨ ਨਾਲ ਇਕ ਸਾਲ ਵਿਚ ਮੌਤਾਂ ਦੀ ਗਿਣਤੀ ਵਿਚ 49 ਫੀਸਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਸੜਕ ਹਾਦਸੇ ਤੋਂ ਪੀੜਤਾਂ ਲੋਕਾਂ ਦੀ 5 ਕਰੋੜ ਰੁਪਏ ਦੀ ਨਗਦੀ ਅਤੇ ਹੋਰ ਕੀਮਤੀ ਸਾਮਾਨ ਵੀ ਘਰਾਂ ਤੱਕ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ ਸੜਕ ਸੁਰੱਖਿਆ ਫੋਰਸ ਕਾਇਮ ਕਰਕੇ ਸੜਕ ਹਾਦਸਿਆ ਦੀ ਕਮੀ ਲਿਆਦੀ ਗਈ ਹੈ।