
ਲਹਿਰਾਗਾਗਾ, 9 ਜੂਨ : ਹਲਕਾ ਲਹਿਰਾ ਦੀ ਪੁਲਿਸ ਨੇ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲਿਆਂ ‘ਤੇ ਸਿਕੰਜਾ ਪੂਰੀ ਤਰ੍ਹਾਂ ਕਸਿਆ ਹੋਇਆ ਹੈ। ਆਏ ਦਿਨ ਨਸ਼ਾ ਤਸਕਰਾਂ ਉੱਤੇ ਪਰਚੇ ਦਰਜ਼ ਕੀਤੇ ਜਾ ਰਹੇ ਹਨ, ਜਿਸ ਦੇ ਚਲਦਿਆਂ ਥਾਣਾ ਮੂਨਕ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਨਸ਼ੀਲਾ ਪਦਾਰਥ ਪੀਂਦਿਆਂ ਮੌਕੇ ‘ਤੇ ਹੀ ਕਾਬੂ ਕਰਕੇ ਪਰਚਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਮੂਨਕ ਮੁਖੀ ਜਗਤਾਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸਰਿੰਦਰ ਕੁਮਾਰ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਰਵਾਨਾ ਸਨ। ਦੁਪਹਿਰ ਇਕ ਵਜੇ ਦੇ ਕਰੀਬ ਕਰੀਬ ਜਦੋਂ ਪੁਲਿਸ ਪਾਰਟੀ ਨੇੜੇ ਡੀ ਏ ਵੀ ਸਕੂਲ ਮੂਨਕ ਪਹੁੰਚੀ ਤਾਂ ਸਕੂਲ ਦੇ ਨਾਲ ਲੱਗਦੇ ਖਾਲੀ ਪਲਾਟ ਦੀ ਕੰਧ ਦੀ ਓਟ ਵਿੱਚ ਨੌਜਵਾਨ ਸੱਤਪਾਲ ਸਿੰਘ ਉਰਫ ਕਾਕਾ ਡਾਕਟਰ ਵਾਸੀ ਲਾਧਾ ਪੱਤੀ ਬੱਲਰਾ ਬੈਠਾ ਲਾਇਟਰ ਦੀ ਮਦਦ ਨਾਲ ਸਿਲਵਰ ਦੀ ਪੰਨੀ ਉੱਤੇ ਨਸ਼ੀਲਾ ਪਦਾਰਥ ਚਿੱਟਾ ਰੱਖ ਕੇ ਅਤੇ 10 ਰੁਪਏ ਦੇ ਨੋਟ ਦੀ ਪਾਇਪ ਬਣਾ ਕੇ ਸੂਟੇ ਲਗਾ ਰਿਹਾ ਸੀ।ਦੋਸ਼ੀ ਨੂੰ ਪੁਲਸ ਪਾਰਟੀ ਵੱਲੋਂ ਮੌਕੇ ਉੱਤੇ ਕਾਬੂ ਕਰਕੇ ਪਰਚਾ ਦਰਜ ਕਰ ਲਿਆ ਗਿਆ ਹੈ।



