
ਜਲੰਧਰ, 23 ਫਰਵਰੀ- ਮਹਾਨਗਰ ਦੀ ਪਹਿਲੀ ਮਹਿਲਾ ਪੁਲਿਸ ਕਮਿਸ਼ਨਰ ਆਈਪੀਐੱਸ ਅਧਿਕਾਰੀ ਧਨਪ੍ਰੀਤ ਕੌਰ ਨੇ ਸ਼ਨਿਚਰਵਾਲ ਨੂੰ ਅਹੁਦਾ ਸੰਭਾਲ ਲਿਆ। ਉਨ੍ਹਾਂ ਦਾ ਗਾਰਡ ਆਫ ਆਨਰ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਸਮੇਤ ਬਾਕੀ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਧਨਪ੍ਰੀਤ ਕੌਰ ਨੇ ਕਿਹਾ ਕਿ ਪੇਟੀ ਕ੍ਰਾਈਮ ਤੇ ਨਸ਼ਾ ਖਤਮ ਕਰਨਾ ਉਨ੍ਹਾਂ ਲਈ ਪਹਿਲਾ ਕੰਮ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਚੋਰੀ, ਸਨੈਚਿੰਗ ਵਰਗੀਆਂ ਘਟਨਾਵਾਂ ਆਮ ਲੋਕਾਂ ਨਾਲ ਸਿੱਧੀਆਂ ਜੁੜੀਆਂ ਹੋਈਆਂ ਹਨ ਤੇ ਲੋਕਾਂ ਨੂੰ ਇਸ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ। ਅਜਿਹੇ ’ਚ ਬਤੌਰ ਪੁਲਿਸ ਕਮਿਸ਼ਨਰ ਉਹ ਜਲੰਧਰ ਦੇ ਪੇਟੀ ਕ੍ਰਾਈਮ ਨੂੰ ਖਤਮ ਕਰਨ ਲਈ ਪ੍ਰਤੀਬੱਧ ਹਨ ਤੇ ਸਭ ਤੋਂ ਪਹਿਲਾਂ ਲੋਕਾਂ ਨੂੰ ਸੁਰੱਖਿਆ ਦਿਵਾਉਣ ਲਈ ਪੇਟੀ ਕ੍ਰਾਈਮ ਨੂੰ ਘੱਟ ਕਰਨ ਦੀ ਕੋਸ਼ਿਸ਼ ਹੋਵੇਗੀ। ਇਸ ਤੋਂ ਇਲਾਵਾ ਸਮਾਜ ਲਈ ਦੂਸਰਾ ਸਭ ਤੋਂ ਵੱਡਾ ਖਤਰਾ ਨਸ਼ਾ ਹੈ ਜਿਸ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਹੋਵੇਗੀ। ਨਸ਼ੇ ਵੇਚਣ ਵਾਲਿਆਂ ਨੂੰ ਫੜਨਾ ਹੀ ਨਸ਼ਾ ਖਤਮ ਕਰਨ ਲਈ ਕਾਫੀ ਨਹੀਂ ਹੈ ਬਲਕਿ ਨਸ਼ੇ ਦੀ ਚੇਨ ਬ੍ਰੇਕ ਕਰਨ ਦੀ ਕੋਸ਼ਿਸ਼ ਹੋਵੇਗੀ। ਇਸ ਤੋਂ ਇਲਾਵਾ ਜਲੰਧਰ ’ਚ ਟ੍ਰੈਫਿਕ ਸੁਧਾਰ ਲਈ ਨਵੀਂ ਨੀਤੀ ਲਾਗੂ ਹੋਵੇਗੀ ਤਾਂ ਕਿ ਸ਼ਹਿਰ ਨੂੰ ਟ੍ਰੈਫਿਕ ਸਮੱਸਿਆ ਤੋਂ ਰਾਹਤ ਦਿਵਾਈ ਜਾ ਸਕੇ। ਹਾਲੇ ਤੱਕ ਜਲੰਧਰ ਪੁਲਿਸ ਨੇ ਜੋ ਨੀਤੀਆਂ ਚੱਲ ਰਹੀਆਂ ਹਨ ਤੇ ਜਲੰਧਰ ਪੁਲਿਸ ਚਲਾ ਰਹੀ ਹੈ, ਉਨ੍ਹਾਂ ਨੂੰ ਅੱਗੇ ਵਧਾਇਆ ਜਾਵੇਗਾ। ਇਸ ਲਈ ਟ੍ਰੈਫਿਕ ਟੀਮ ਨੂੰ ਲੈ ਕੇ ਨਵੀਆਂ ਨੀਤੀਆਂ ਵੀ ਬਣਾਈਆਂ ਜਾਣਗੀਆਂ ਤੇ ਅਮਲ ’ਚ ਲਿਆਈਆਂ ਜਾਣਗੀਆਂ। — ਵੇਖਾਂਗੇ, ਪਰਖਾਂਗੇ ਤੇ ਜੋ ਜ਼ਰੂਰੀ ਹੋਇਆ ਕਰਾਂਗੇ ਆਈਪੀਐੱਸ ਧਨਪ੍ਰੀਤ ਕੌਰ ਨੇ ਕਿਹਾ ਕਿ ਜਲੰਧਰ ਸ਼ਹਿਰ ਤੇ ਲੋਕਾਂ ਨੂੰ ਜਾਨਣ ਲਈ ਉਹ ਪਹਿਲਾਂ ਸ਼ਹਿਰ ਦਾ ਚੰਗੀ ਤਰ੍ਹਾਂ ਨਿਰੀਖਣ ਤੇ ਜਾਂਚ ਕਰਨਗੇ ਤੇ ਫਿਰ ਸੁਧਾਰ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੁਝ ਬਿਨਾਂ ਦੇਖੇ ਕੀਤਾ ਜਾਂਦਾ ਹੈ ਤਾਂ ਇਹ ਸਹੀ ਨਹੀਂ ਹੋਵੇਗਾ। ਅਜਿਹੀ ਸਥਿਤੀ ’ਚ ਸਾਰੇ ਅਧਿਕਾਰੀਆਂ ਨਾਲ ਮਿਲ ਕੇ ਇਸ ਜਗ੍ਹਾ ਬਾਰੇ ਚੰਗੀ ਤਰ੍ਹਾਂ ਜਾਣਨ ਤੋਂ ਬਾਅਦ, ਸੁਧਾਰ ਲਈ ਕੰਮ ਸ਼ੁਰੂ ਕੀਤਾ ਜਾਵੇਗਾ।



