
ਬਾਲ ਕਿਸ਼ਨ
ਫ਼ਿਰੋਜ਼ਪੁਰ, 27 ਨਵੰਬਰ : ਬੀਤੀ 15 ਨਵੰਬਰ ਨੂੰ ਫ਼ਿਰੋਜ਼ਪੁਰ ਦੇ ਮੋਚੀ ਬਜ਼ਾਰ ‘ਚ ਗੋਲੀ ਮਾਰ ਦਿੱਤੇ ਗਏ ਨਵੀਨ ਅਰੋੜਾ ਦੇ ਕਾਤਲਾਂ ਤੇ ਪੁਲਿਸ ਵਿਚਾਲੇ ਵੀਰਵਾਰ ਤੜਕੇ ਹੋਈ ਗੋਲੀਬਾਰੀ ‘ਚ ਇੱਕ ਸ਼ੂਟਰ ਦੀ ਮੌਤ ਹੋ ਗਈ । ਇਸ ਕਰਾਸ ਫਾਇਰਿੰਗ ਵਿੱਚ ਹਵਾਦਾਰ ਬਲੌਰ ਸਿੰਘ ਵੀ ਜ਼ਖ਼ਮੀ ਹੋ ਗਿਆ ਜਦਕਿ ਹਵਲਦਾਰ ਗੁਰਮੀਤ ਸਿੰਘ ਦੀ ਬੁਲੇਟ ਪਰੂਫ਼ ਜੈਕੇਟ ਕਾਰਨ ਮਸਾਂ ਜਾਨ ਬਚੀ । ਵਾਰਦਾਤ ਉਸ ਵੇਲੇ ਵਾਪਰੀ ਜਦੋਂ ਪੁਲਿਸ ਸ਼ੂਟਰ ਬਾਦਲ ਨੂੰ ਰਿਕਵਰੀ ਲਈ ਲੈਕੇ ਜਾ ਰਹੀ ਸੀ ਕਿ ਪਿੰਡ ਮਾਹਮੂ ਜੋਇਆ ਕੋਲ ਬਾਦਲ ਦੇ ਸਾਥੀਆਂ ਨੇ ਉਸ ਨੂੰ ਛੁਡਵਾਉਣ ਦੇ ਇਰਾਦੇ ਨਾਲ ਪੁਲਿਸ ‘ਤੇ ਹਮਲਾ ਬੋਲ ਦਿੱਤਾ । ਇਹ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ. ਹਰਮਨਬੀਰ ਸਿੰਘ ਅਤੇ ਐੱਸਐੱਸਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਦੀ ਇੱਕ ਟੀਮ ਜਿਸ ਦੀ ਅਗਵਾਈ ਡੀ.ਐਸ.ਪੀ. ਸਿਟੀ ਅਤੇ ਡੀ.ਐਸ.ਪੀ. ਡੀ.ਸੀਆਈ.ਏ. ਕਰ ਰਹੇ ਸਨ, ਬਾਦਲ ਦੀ ਜਾਣਕਾਰੀ ਦੇ ਅਧਾਰ ‘ਤੇ ਹਥਿਆਰ ਬਰਾਮਦ ਕਰਨ ਅਤੇ ਉਸ ਦੇ ਦੋ ਸਾਥੀਆਂ ਨੂੰ ਕਾਬੂ ਕਰਨ ਲਈ ਜਦੋਂ ਪਿੰਡ ਦੇ ਸ਼ਮਸ਼ਾਨਘਾਟ ਨੇੜੇ ਪਹੁੰਚੀ। ਉੱਥੇ ਮੌਜੂਦ ਹੋਰ ਦੋ ਸ਼ੂਟਰਾਂ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਕਰਾਸ-ਫਾਇਰਿੰਗ ਦੌਰਾਨ ਹੈਡ ਕਾਂਸਟੇਬਲ ਬਲੌਰ ਸਿੰਘ ਦੀ ਬਾਂਹ ‘ਤੇ ਗੋਲੀ ਲੱਗੀ, ਜਦਕਿ ਇੱਕ ਹੋਰ ਪੁਲਿਸਕਰਮੀ ਦੇ ਬੁਲੇਟਪ੍ਰੂਫ ਜੈਕਟ ‘ਤੇ ਵੀ ਗੋਲੀ ਲੱਗੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਮੁੱਖ ਸ਼ੂਟਰ ਬਾਦਲ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹੈਡ ਕਾਂਸਟੇਬਲ ਅਤੇ ਬਾਦਲ ਦੋਵਾਂ ਨੂੰ ਫਾਜ਼ਿਲਕਾ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਬਾਦਲ ਨੇ ਦਮ ਤੋੜ ਦਿੱਤਾ। ਇਹ ਵੀ ਦੱਸਿਆ ਗਿਆ ਕਿ ਫਿਰੋਜ਼ਪੁਰ ਵਿੱਚ ਨਵੀਨ ਅਰੋੜਾ ਦੀ ਹੱਤਿਆ ਕੇਸ ਵਿੱਚ ਕਾਲੀ, ਕਨਵ ਅਤੇ ਹਰਸ਼ ਨਾਂ ਦੇ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰੀ ਦੌਰਾਨ ਕਾਲੀ ਨੇ ਵੀ ਪੁਲਿਸ ‘ਤੇ ਗੋਲੀ ਚਲਾਈ ਸੀ ਅਤੇ ਜ਼ਖ਼ਮੀ ਹੋਇਆ ਸੀ। ਬਾਕੀ ਦੋਸ਼ੀਆਂ ਦੀ ਪੁਲਿਸ ਵੱਲੋਂ ਤਲਾਸ਼ ਜਾਰੀ ਹੈ।



