
ਫ਼ਿਰੋਜ਼ਪੁਰ, 2 ਦਸੰਬਰ (ਜਸਵਿੰਦਰ ਸਿੰਘ ਸੰਧੂ)– ਫ਼ਿਰੋਜ਼ਪੁਰ ਸ਼ਹਿਰ ਦੇ ਨਿਵਾਸੀਆਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀਮਤੀ ਦੀਪਸ਼ਿਖਾ ਸ਼ਰਮਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ’ਚ ਸਤਲੁਜ ਦਰਿਆ ਵਿਚ ਆਏ ਹੜ੍ਹਾਂ ਦੌਰਾਨ ਰੁੜ ਗਈਆਂ ਨੋਚਾਂ ਨੂੰ ਦੁਬਾਰਾ ਬਣਾਉਣ ਦੀ ਮੰਗ ਕੀਤੀ ਗਈ। ਵਫਦ ਵਿਚ ਮੌਜੂਦ ਸ਼ਹਿਰ ਵਾਸੀਆਂ ਨੇ ਕਿਹਾ ਕਿ ਜ਼ਿਆਦਾ ਬਰਸਾਤਾਂ ਦੇ ਦੌਰਾਨ ਸਤਲੁਜ ਦਰਿਆ ਵਿੱਚ ਆਏ ਹੜ੍ਹ ਕਾਰਨ ਪਿੰਡ ਹਬੀਬ ਕੇ ਜੋ ਕਿ ਸਤਲੁਜ ਦਰਿਆ ਦੇ ਕੰਢੇ ’ਤੇ ਹੈ ਵਿਖੇ ਬਣੇ ਪੱਕੇ ਬੰਨ੍ਹ ਅਤੇ ਨੋਚਾਂ ਜੋ ਪਾਣੀ ਦੇ ਤੇਜ਼ ਵਹਾਅ ਕਾਰਨ ਬਹੁਤ ਨੁਕਸਾਨੀਆਂ ਗਈਆਂ ਸਨ। ਕਈ ਥਾਵਾਂ ਤੋਂ ਨੋਚਾਂ ਬੁਰੀ ਤਰ੍ਹਾਂ ਢਹਿ–ਢੇਰੀ ਹੋ ਗਈਆਂ ਹਨ ਅਤੇ ਪੱਕੇ ਬੰਨ੍ਹ ਨੂੰ ਵੀ ਖਾਰ ਪੈ ਗਈ ਹੈ, ਜਿਸ ਕਾਰਨ ਭਵਿੱਖ ਵਿੱਚ ਫ਼ਿਰੋਜ਼ਪੁਰ ਸ਼ਹਿਰ ਨੂੰ ਕਾਫੀ ਖਤਰਾ ਹੋ ਸਕਦਾ ਹੈ। ਇਸ ਲਈ ਸਮੇਂ ਤੋਂ ਪਹਿਲਾਂ ਬੰਨ੍ਹ ’ਤੇ ਨਵੀਆਂ ਨੋਚਾਂ ਬਣਾ ਲਈਆਂ ਜਾਣ ਅਤੇ ਪੁਰਾਣੀਆਂ ਨੋਚਾਂ ਦੀ ਮੁਰੰਮਤ ਜਲਦੀ ਤੋਂ ਜਲਦੀ ਕੀਤੀ ਜਾਵੇ। ਇਸ ਮੌਕੇ ਨੰਬਰਦਾਰ ਸੁਰਜੀਤ ਸਿੰਘ, ਨੰਬਰਦਾਰ ਬਲਰਾਜ ਸਿੰਘ, ਸਰਪੰਚ ਕੁਲਵੰਤ ਸਿੰਘ, ਗੁਰਮੀਤ ਸਿੰਘ , ਗੁਰਚਰਨ ਸਿੰਘ ਪਿੰਡ ਹਬੀਬ ਕੇ ਰਿਟਾਇਰਡ ਨਾਇਬ ਤਹਿਸੀਲਦਾਰ ਬਲਜਿੰਦਰ ਸਿੰਘ ਅਤੇ ਮਾਸਟਰ ਗੁਰਮੀਤ ਸਿੰਘ ਹਾਜ਼ਰ ਸਨ।

ਨਵੀਆਂ ਨੋਚਾਂ ਅਤੇ ਬੰਨ੍ਹਾਂ ਨੂੰ ਪੱਕੇ ਕਰਨ ਸਬੰਧੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੂੰ ਮੰਗ ਪੱਤਰ ਦਿੰਦੇ ਹੋਏ ਸ਼ਹਿਰ ਵਾਸੀ। ਤਸਵੀਰ : ਜਸਵਿੰਦਰ ਸਿੰਘ ਸੰਧੂ



