Punjab

ਨਜਾਇਜ਼ ਸਬੰਧਾਂ ਦੇ ਚਲਦੇ ਸੁਪਾਰੀ ਦੇ ਕੇ ਪਤੀ ਨੇ ਹੀ ਕਰਵਾਈ ਸੀ ਪਤਨੀ ਦੀ ਹੱਤਿਆ, ਕਾਰੋਬਾਰੀ ਤੇ ਉਸ ਦੀ ਗਰਲਫ੍ਰੈਂਡ ਸਮੇਤ ਛੇ ਗ੍ਰਿਫ਼ਤਾਰ

ਲੁਧਿਆਣਾ, 17 ਫਰਵਰੀ- ਆਮ ਆਦਮੀ ਪਾਰਟੀ ਦੇ ਆਗੂ ਅਤੇ ਕਾਰੋਬਾਰੀ ਮਿੱਤਲ ਦੀ ਪਤਨੀ ਨੂੰ ਕਿਸੇ ਹੋਰ ਨੇ ਨਹੀਂ ਬਲਕਿ ਉਸਦੇ ਪਤੀ ਨੇ ਹੀ ਸੁਪਾਰੀ ਦੇ ਕੇ ਕਤਲ ਕਰਵਾਇਆ ਸੀ। ‌ ਆਪਣੇ ਪ੍ਰੇਮ ਸਬੰਧਾਂ ਵਿੱਚ ਰੋੜਾ ਬਣੀ ਪਤਨੀ ਲਿਪਸੀ ਨੂੰ ਆਪਣੀ ਗਰਲਫਰੈਂਡ ਅਤੇ ਸੁਪਾਰੀ ਕਿਲਰਾਂ ਨਾਲ ਮਿਲ ਕੇ ਕਾਰੋਬਾਰੀ ਅਨੋਖ ਮਿੱਤਲ ਨੇ ਸ਼ਨਿਚਰਵਾਰ ਦੇਰ ਰਾਤ ਉਸ ਦੀ ਹੱਤਿਆ ਕਰਵਾ ਦਿੱਤੀ ਸੀ। ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਵਾਉਣ ਤੋਂ ਬਾਅਦ ਅਨੋਖ ਮਿੱਤਲ ਨੇ ਇਹ ਡਰਾਮਾ ਰਚਿਆ ਸੀ ਕਿ ਉਹ ਦੇਰ ਰਾਤ ਜਦ ਰੈਸਟੋਰੈਂਟ ਤੋਂ ਖਾਣਾ ਖਾ ਕੇ ਘਰ ਵਾਪਸ ਆ ਰਹੇ ਸਨ ਤਾਂ ਕਾਰ ਸਵਾਰ ਬਦਮਾਸ਼ਾਂ ਨੇ ਉਹਨਾਂ ਉੱਪਰ ਹਮਲਾ ਕਰ ਕੇ ਕਾਰ ਅਤੇ ਗਹਿਣੇ ਲੁੱਟ ਲਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦੀ ਪਤਨੀ ਲਿਪਸੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇੰਨਾ ਹੀ ਨਹੀਂ ਮੁਲਜ਼ਮ ਅਨੋਖ ਮਿਤਲ ਨੇ ਡਰਾਮਾ ਰਚਦੇ ਹੋਏ ਹੰਬੜਾ ਰੋਡ ਜਾਮ ਕਰ ਕੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ। ਪੁਲਿਸ ਦੀ ਸ਼ੱਕ ਦੀ ਸੂਈ ਸ਼ੁਰੂ ਤੋਂ ਹੀ ਅਨੋਖ ਮਿੱਤਲ ਵੱਲ ਸੀ। ਲੁਧਿਆਣਾ ਪੁਲਿਸ ਨੇ ਜਦ ਅਨੋਖ ਮਿੱਤਲ ਨੂੰ ਡਿਟੇਨ ਕਰ ਕੇ ਉਸ ਕੋਲੋਂ ਪੁੱਛ ਗਿੱਛ ਕੀਤੀ ਤਾਂ ਉਹ ਟੁੱਟ ਗਿਆ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮ ਅਨੋਖ ਮਿੱਤਲ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਉਸ ਦੀ ਗਰਲਫਰੈਂਡ ਅਮਰ ਨਗਰ ਦੀ ਵਾਸੀ ਪ੍ਰਤਿਕਸ਼ਾ, ਆਨੰਦਪੁਰ ਸਾਹਨੇਵਾਲ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਉਰਫ ਬੱਲੀ, ਗੁਰਦੀਪ ਸਿੰਘ ਉਰਫ਼ ਮਾਨ, ਸੋਨੂ ਸਿੰਘ ਉਰ ਸੋਨੂ ਅਤੇ ਸਾਗਰ ਦੀਪ ਸਿੰਘ ਉਰਫ਼ ਤੇਜ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਸਵਿਫਟ ਕਾਰ, ਆਈਟਨ ਕਾਰ ਅਤੇ ਅਸ਼ੋਕ ਮਿੱਤਲ ਦੀ ਰਿਟਜ ਕਾਰ ਵੀ ਬਰਾਮਦ ਕਰ ਲਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਇੱਕ ਕਿਰਪਾਨ ਵੀ ਬਰਾਮਦ ਕੀਤੀ ਹੈ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੇਸ ਦੇ ਮੁੱਖ ਦੋਸ਼ੀ ਢੰਡਾਰੀ ਕਲਾਂ ਦੇ ਵਾਸੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਗ੍ਰਿਫ਼ਤਾਰ ਕਰਨਾ ਅਜੇ ਬਾਕੀ ਹੈ। ‌ ਢਾਈ ਲੱਖ ਰੁਪਏ ਵਿੱਚ ਦਿੱਤੀ ਸੀ ਸੁਪਾਰੀ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਅਨੋਖ ਮਿੱਤਲ ਨੇ ਆਪਣੀ ਪਤਨੀ ਨੂੰ ਕਤਲ ਕਰਵਾਉਣ ਲਈ ਢਾਈ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਇਸ ਸਬੰਧੀ ਸੁਪਾਰੀ ਦੀ ਰਕਮ 50 ਹਜ਼ਾਰ ਰੁਪਏ ਪਹਿਲੋਂ ਹੀ ਦੇ ਦਿੱਤੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁੱਖ ਮੁਲਜਮ ਗੋਪੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਸ ਮਾਮਲੇ ਦੇ ਹੋਰ ਵੀ ਕਈ ਖੁਲਾਸੇ ਹੋਣਗੇ।

Related Articles

Leave a Reply

Your email address will not be published. Required fields are marked *

Back to top button