
ਸੁਨਾਮ ਊਧਮ ਸਿੰਘ ਵਾਲਾ, 8 ਮਾਰਚ- ਸੁਨਾਮ ਪੁਲਿਸ ਵਲੋਂ ਇਕ ਵਿਅਕਤੀ ਨੂੰ 20 ਕਿਲੋ ਚੂਰਾ ਪੋਸਤ ਅਤੇ 945 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸੁਨਾਮ ਊਧਮ ਸਿੰਘ ਵਾਲਾ ਦੇ ਥਾਣੇਦਾਰ ਪਰਮਜੀਤ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਸਥਾਨਕ ਨਵੀਂ ਅਨਾਜ ਮੰਡੀ ਦੇ ਸ਼ੈਡ ਹੇਠ ਕਾਰ ‘ਚ ਬੈਠੇ ਸੁਨਾਮ ਸ਼ਹਿਰ ਦੇ ਲਾਲੀ ਨਾਂਅ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ 20 ਕਿਲੋ ਚੂਰਾ ਪੋਸਤ ਅਤੇ 945 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਜਦੋਂ ਕਿ ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਲਾਲੀ ਵਾਸੀ ਸੁਨਾਮ ਨੂੰ ਚੂਰਾ ਪੋਸਤ ਅਤੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲੇ ਸੁਨਾਮ ਸ਼ਹਿਰ ਦੇ ਹੀ ਲੱਖੀ ਨੂੰ ਨਾਮਜ਼ਦ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।ਜਿਕਰਯੋਗ ਹੈ ਕਿ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਲਾਲੀ ਨਾਮ ਦਾ ਵਿਅਕਤੀ ਸੁਨਾਮ ਦੇ ਵਾਰਡ ਨੰਬਰ 21 ਦੇ ਮੋਜੂਦਾ ਨਗਰ ਕੌਂਸਲਰ ਗੁਰਜੀਤ ਕੌਰ ਦਾ ਪਤੀ ਹੈ।



