
ਕਪੂਰਥਲਾ, 17 ਮਾਰਚ-ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਲਈ ਸੂਚਨਾਵਾਂ ਇਕੱਤਰ ਕਰਨਾ ਹੀ ਨਹੀਂ ਹੁੰਦਾ ਬਲਕਿ ਅਨੁਭਵੀ ਗਿਆਨ ਰਾਹੀਂ ਪ੍ਰਕਿਰਤੀ ਦੇ ਬ੍ਰਹਿਮੰਡੀ ਰਹੱਸਾਂ ਨੂੰ ਜਾਨਣ ਲਈ ਦਰਿਆਵਾਂ, ਸਮੁੰਦਰਾਂ, ਪਹਾੜਾਂ, ਜਲਵਾਯੂ, ਜੀਵਾਂ ਨੂੰ ਵੀ ਜਾਨਣਾ ਹੁੰਦਾ ਹੈ। ਇਸ ਸਭ ਨੂੰ ਜਾਨਣ ਲਈ ਲਈ ਸਾਡਾ ਅਧਿਆਪਕ ਵਰਗ ਵੀ ਖੁਲ੍ਹੀਆਂ ਕਿਤਾਬਾਂ ਵਰਗਾ ਹੋਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਆਫ ਐਮੀਨੈਂਸ ਛੇਹਰਟਾ ( ਅੰਮ੍ਰਿਤਸਰ) ਦੇ ਲੈਕਚਰਾਰ ਕਸ਼ਮੀਰ ਸਿੰਘ ਗਿੱਲ ਸਟੇਟ ਐਵਾਰਡੀ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਪ੍ਰੀਖਿਆਵਾਂ ਵਿੱਚੋਂ ਸ਼ਤ ਪ੍ਰਤੀਸ਼ਤ ਅੰਕ ਹਾਸਲ ਕਰਨ ਦੀ ਨੀਤੀ ਨੇ ਨਕਲ ਵਰਗੇ ਕੋਹੜ ਨੂੰ ਉਤਸ਼ਾਹਿਤ ਕੀਤਾ। ਨਕਲ ਕਰਨ ਕਰਵਾਉਣ ਨਾਲ ਗਿਆਨ ਵਿਹੂਣੇ ਵਿਦਿਆਰਥੀਆਂ ਦੀਆਂ ਹਾਸਲ ਕੀਤੀਆਂ ਡਿਗਰੀਆਂ ਮਹਿਜ਼ ਕਾਗਜ਼ ਦੇ ਟੁਕੜੇ ਹੀ ਰਹਿ ਜਾਂਦੀਆਂ ਹਨ। ਜ਼ਿੰਦਗੀ ਤੋਂ ਹਾਰੇ ਅਜਿਹੇ ਵਿਦਿਆਰਥੀ ਹੀ ਅਪਰਾਧ ਦੀ ਦੁਨੀਆ ਦੇ ਸਰਗਣੇ ਬਣਦੇ ਹਨ।ਸਟੇਟ ਐਵਾਰਡੀ ਕਸ਼ਮੀਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਅਧਿਆਪਨ ਖ਼ੇਤਰ ਵਿਚ ਦਾਖਲਾ ਐਲੀਮੈਂਟਰੀ ਸਕੂਲ ਸ਼ੁਕਰਚੱਕ (ਤਰਨਤਾਰਨ) ਤੋਂ1998 ਵਿੱਚ ਬਤੌਰ ਐਲੀਮੈਂਟਰ ਟੀਚਰ ਵਜੋਂ ਸ਼ੁਰੂ ਕੀਤਾ। ਅੱਠ ਸਾਲ ਦੀ ਸੇਵਾ ਉਪਰੰਤ 2006 ਵਿਚ ਬਤੌਰ ਹਿੰਦੀ ਵਿਸ਼ੇ ਦੇ ਅਧਿਆਪਕ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਮਾਨ ਪੁਰਾ ਕਰਮ ਭੂਮੀ ਬਣ ਗਿਆ ਅਤੇ 2021 ਵਿਚ ਸਕੂਲ ਆਫ਼ ਐਮੀਨੈਂਸ ਛੇਹਰਟਾ ਵਿਖੇ ਬਤੌਰ ਲੈਕਚਰਾਰ ਅਰਥ ਸ਼ਾਸਤਰ ਵਜੋਂ ਪਦਉਨਤੀ ਹੋ ਗਈ। ਉਨ੍ਹਾਂ ਦਸਿਆ ਕਿ ਬੇਸ਼ਕ ਵੱਖ ਵੱਖ ਅਸਾਮੀਆਂ ਵਿਰੁੱਧ ਮੈਨੂੰ ਤਿੰਨ ਸਕੂਲ ਹੀ ਮਿਲੇ ਪਰ ਮੇਰਾ ਉਦੇਸ਼ ਤਾਂ ਸਿਖਿਆ ਵਿਭਾਗ ਪੰਜਾਬ ਸਕੂਲਜ ਵਿੱਚ ਪੜ੍ਹਦੇ ਸਮੂਹ ਵਿਦਿਆਰਥੀਆਂ ਦੀ ਚੇਤਨਾ ਵਿਕਸਤ ਕਰਨਾ ਹੀ ਸੀ। ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਦੂਸ਼ਣ ਦੇ ਖਿਲਾਫ ਚੇਤਨ ਕਰਨ ਲਈ ਮਿਸ਼ਨ ਆਗਾਜ਼ ਤਹਿਤ ਹਰਿਆਵਲ ਪੰਜਾਬ ਤਹਿਤ ਬਤੌਰ ਉਪ ਪ੍ਰਧਾਨ ਸੇਵਾਵਾਂ ਦਿੰਦੇ ਹੋਏ ਦੱਸ ਹਜ਼ਾਰ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਨੂੰ ਪਾਲਿਆ। ਬਤੌਰ ਹਿੰਦੀ ਭਾਸ਼ਾ ਅਧਿਆਪਕ ਹੁੰਦੇ ਹੋਏ ਮਿਡਲ ਸਟੈਂਡਰਡ ਦੇ ਹਿੰਦੀ ਸਿਲੇਬਸ ਦੀਆਂ ਸਾਰੀਆਂ ਕਵਿਤਾਵਾਂ ਨੂੰ ਆਪਣੀ ਹੀ ਅਵਾਜ਼ ਵਿੱਚ ਸੁਰਬੱਧ ਕਰਦਿਆਂ ਵੀਡੀਓ ਗ੍ਰਾਫੀ ਕਰਕੇ ਸੂਬੇ ਦਾ ਪਹਿਲਾ ਅਧਿਆਪਕ ਹੋਣ ਦਾ ਮਾਣ ਹਾਸਿਲ ਕੀਤਾ । ਇਸ ਮਿਸ਼ਨ ਦੀ ਪ੍ਰਾਪਤੀ ਲਈ ਮਿਸ਼ਨਰੀ ਬਣਦਿਆਂ ਤਿੰਨ ਲੱਖ ਰੁਪਏ ਦਾ ਖਰਚ ਵੀ ਆਪਣੀ ਜੇਬ ਵਿੱਚੋਂ ਹੀ ਕੀਤਾ। 2023 ਵਿਚ ਸਿਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕਵਿਤਾਵਾਂ ਦੀ ਵੀਡੀਓ ਜਾਰੀ ਕਰਦਿਆਂ ਇਸ ਵਿਲਖਣ ਕਾਰਜ ਦੀ ਪ੍ਰਸੰਸਾ ਹੀ ਨਹੀਂ ਕੀਤੀ ਬਲਕਿ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸੂਬੇ ਦੇ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਗੀਤ ” ਚਲੋ ਚਲੋ ਸਰਕਾਰੀ ਸਕੂਲ, ਬੱਚਿਓ ਹੁਣ ਤਾਂ ਪੜ੍ਹਨਾਂ ਹੀ ਪੈਣਾ, ਨਕਲ ਨੂੰ ਅਲਵਿਦਾ, ਜੇ ਪੂਰਾ ਕਰਨਾ ਖੁਆਬਾਂ ਨੂੰ ਤਾਂ ਰੱਖਿਓ ਨਾਲ ਕਿਤਾਬਾਂ ਨੂੰ ਅਤੇ ਵੋਟ ਜਰੂਰੀ ਹੈ ਆਦਿ ਬਹੁਤ ਹਰਮਨ ਪਿਆਰੇ ਗੀਤ ਹਨ । ਅਖਬਾਰਾਂ, ਸਾਹਿਤਕ ਰਸਾਲਿਆਂ ਵਿਚ ਕਵਿਤਾਵਾਂ ਅਤੇ ਲੇਖ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਕਾਵਿ ਸੰਗ੍ਰਹਿ ਵੀ ਛਪਾਈ ਅਧੀਨ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਵਲੋੰ ਚਲਾਏ ਜਾ ਰਹੇ ਪੀਐਮਈ ਵਿੱਦਿਆ ਅਤੇ ਦੀਕਸ਼ਾ ਐਪ ਲਈ ਹਿੰਦੀ ਅਤੇ ਅਰਥ ਸ਼ਾਸਤਰ ਵਿਸ਼ਿਆਂ ਦਾ ਡਿਜੀਟਲ ਈ ਕੰਟੈਂਟ ਤਿਆਰ ਕੀਤਾ ਹੈ ਅਤੇ ਸਿਖਿਆ ਵਿਭਾਗ ਪੰਜਾਬ ਲਈ ਵੀ ਈ – ਕੰਟੈਂਟ ਤਿਆਰ ਕਰਕੇ ਦਿੱਤਾ।ਕਸ਼ਮੀਰ ਸਿੰਘ ਗਿੱਲ ਬਹੁਪੱਖੀ ਪ੍ਰਤਿਭਾ ਦਾ ਮਾਲਕ ਹੋਣ ਕਰਕੇ ਵਿਦਿਆਰਥੀ ਵਰਗ ਦੇ ਸਰਵਪੱਖੀ ਵਿਕਾਸ ਲਈ ਸੀਮਤ ਸਿਲੇਬਸ ਤੋਂ ਬਾਹਰ ਨਿਕਲ ਕੇ ਇੱਕ ਸਮਾਜ ਸੇਵੀ, ਵਾਤਾਵਰਨ ਪ੍ਰੇਮੀ, ਲੇਖਕ, ਗਾਇਕ, ਕੰਪੋਜ਼ਰ, ਨਿਰਦੇਸ਼ਕ ਅਤੇ ਕੈਲੀਗ੍ਰਾਫਰ ਯੋਗਾ ਅਧਿਆਪਕ ਵੀ ਹਨ। ਖੇਡਾਂ ਦੇ ਖੇਤਰ ਵਿਚ ਵੀ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਲਈ ਮੌਕੇ ਪ੍ਰਦਾਨ ਕਰਨ ਦੇ ਨਾਲ ਨਾਲ ਗੁਰੂ ਦਰੋਣਾਚਾਰੀਆ ਬਣ ਕੇ ਅਰਜਨ ਨੂੰ ਮੱਛੀ ਦੀ ਅੱਖ ਦੇਖਣ ਦੀ ਭੂਮਿਕਾ ਨਿਭਾਉਣ ਦੀ ਮਿਸਾਲ ਕੌਮਾਂਤਰੀ ਸਾਈਕਲਿਸਟ ਮਨਦੀਪ ਕੌਰ ਚੀਮਾ ਹੈ। ਮਨਦੀਪ ਚੀਮਾ ਤਿੰਨ ਵਾਰ ਏਸ਼ੀਆਡ ਗੋਲਡ ਮੈਡਲਿਸਟ ਰਹੀ ਅਤੇ ਉਲਿੰਪਕ ਵਿੱਚ ਵੀ ਮਾਣਯੋਗ ਸਥਾਨ ਹਾਸਿਲ ਕੀਤਾ ਅਤੇ ਅੱਜ ਪੁਲਿਸ ਵਿਭਾਗ ਵਿਚ ਬਤੌਰ ਡੀਐਸਪੀ ਸੇਵਾਵਾਂ ਦੇ ਰਹੀ ਹੈ।ਕਸ਼ਮੀਰ ਗਿੱਲ ਜਦੋਂ ਗੁਮਾਨਪੁਰਾ ਬਤੌਰ ਹਿੰਦੀ ਵਿਸ਼ੇ ਦੇ ਅਧਿਆਪਕ ਵਜੋਂ ਸੇਵਾਵਾਂ ਦੇ ਰਹੇ ਸਨ ਤਾਂ ਕੌਮੀ ਹੈਲਥ ਮਿਸ਼ਨ ਤਹਿਤ ” ਯੋਗ ਰੱਖੇ ਅਰੋਗ” ਲਹਿਰ ਚਲਾ ਕੇ ਵੱਖ ਵੱਖ ਪਿੰਡਾਂ ਵਿਚ ਯੋਗਾ ਕੈਂਪ ਲਗਾ ਕੇ ਲੋਕਾਂ ਨੂੰ ਤੰਦਰੁਸਤ ਜੀਵਨ ਬਾਰੇ ਜਾਗਰੂਕ ਕਰਦੇ ਰਹੇ। ਉਹ ਦਸਦੇ ਹਨ ਕਿ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਦੀ ਸਿਰਜਣਾ ਲਈ ਨਕਲ ਵਿਰੋਧੀ ਮਿਸ਼ਨ ਨੂੰ ਸਫ਼ਲ ਬਣਾਉਂਦੇ ਹੋਏ ਨਕਲ ਮਾਫ਼ੀਆ ਨਾਲ 16 ਸਾਲਾਂ ਤੋਂ ਸਿੱਧੀ ਲੜਾਈ ਲੜੀ। ਮੇਰੇ ਉੱਤੇ ਹਮਲੇ ਵੀ ਹੋਏ, ਮੇਰੀ ਕਾਰ ਵੀ ਭੰਨੀ ਤੋੜੀ ਗਈ ਪਰ ਮੈਂ ਨਹੀਂ ਥਿੜਕਿਆ। ਉਨਾਂ ਦਾ ਕਹਿਣਾ ਹੈ ਕਿ ਨਕਲਾਂ ਨਾਲ ਵਿਦਿਆਰਥੀ ਅਨਪੜ੍ਹ ਹੀ ਰਹਿੰਦੇ ਹਨ ਜਦਕਿ ਉਸਾਰੂ ਸਿਖਿਆ ਦਾ ਵਾਤਾਵਰਨ ਸਿਰਜਣ ਨਾਲ ਵਿਦਿਆਰਥੀ ਨਕਲ ਤੋਂ ਦੂਰ ਹੁੰਦੇ ਹੋਏ ਸਮਾਜ ਦੇ ਜਿੰਮੇਵਾਰ ਸ਼ਹਿਰੀ ਬਣ ਕੇ ਉਭਰਦੇ ਹਨ।ਪੰਛੀਆਂ ਨੂੰ ਪਿਆਰ ਕਰਨ ਅਤੇ ਉਨ੍ਹਾਂ ਦੀਆਂ ਮੰਤਰ ਮੁਗਧ ਅਵਾਜ਼ਾਂ ਸੁਨਣ ਲਈ ਕਸ਼ਮੀਰ ਗਿੱਲ ਨੇ ਆਪਣੇ ਘਰ ‘ਚ ਬਰਡ ਸੈਂਚਰੀ ਸਥਾਪਤ ਕਰਦਿਆਂ ਅੱਸੀ ਤੋਂ ਵੱਧ ਲੱਕੜੀ ਦੇ ਆਲ੍ਹਣੇ, ਵੱਡੇ ਡਰੰਮਾਂ ਵਿਚ ਵੱਡੇ ਰੁੱਖ ਅਤੇ ਖੁਰਾਕੀ ਰੈਕ ਵੀ ਲਗਾਏ ਹਨ। ਸਵੇਰੇ ਸ਼ਾਮ ਘਰ ਦੇ ਜੀਆਂ ਵਾਂਗ ਘਰੇਲੂ ਚਿੜੀਆਂ, ਬਰਾਊਨ ਸਪੈਰੋ, ਬ੍ਰਹਮੀ ਮੈਨਾ, ਚੱਕੀ ਰਾਹਾ ਅਤੇ ਤੋਤਾ ਮੈਨਾ ਆਦਿ ਸਾਰੇ ਦਿਨ ਪ੍ਰਕਿਰਤਕ ਯਾਤਰਾ ਤੋਂ ਬਾਅਦ ਰੈਣ ਬਸੇਰਾ ਕਰਦੇ ਹਨ ਅਤੇ ਉਨ੍ਹਾਂ ਦੀਆਂ ਅਵਾਜ਼ਾਂ ਸੰਗੀਤਕ ਧੁਨਾਂ ਬਣ ਕੇ ਘਰ ਨੂੰ ਘਰ ਬਣਾ ਦਿੰਦੀਆਂ ਹਨ। ਦਸਿਆ ਕਿ ਮੇਰੇ ਜੀਵਨ ਦੇ ਆਦਰਸ਼ ਜਿੱਥੇ ਮੇਰੇ ਸਵਰਗੀ ਮਾਤਾ ਪਿਤਾ ਹਨ ਉੱਥੇ ਮੇਰੇ ਉਹ ਆਦਰਸ਼ ਅਧਿਆਪਕ ਵੀ ਹਨ ਜੋ ਸਾਧਨ ਘੱਟ ਹੋਣ ਦੇ ਬਾਵਜੂਦ ਵੀ ਸਾਧਨਾ ( ਤਪਸਿਆ) ਨੂੰ ਸਮਰਪਿਤ ਰਹੇ। ਅੱਜ ਮੇਰੀ ਧਰਮ ਪਤਨੀ ਲੈਕਚਰਾਰ ਬਾਇਓਲੋਜੀ ਕੁਲਦੀਪ ਕੌਰ ਜੋ ਖੁਦ ਆਪਣੀਆਂ ਉੱਤਮ ਅਤੇ ਵਿਲੱਖਣ ਸੇਵਾਵਾਂ ਸਦਕਾ ਸਟੇਟ ਐਵਾਰਡੀ ਹੈ, ਦਾ ਉਸਾਰੂ ਅਤੇ ਪ੍ਰੇਰਨਾਦਾਇਕ ਸਾਥ ਸਾਡੇ ਮਿਸ਼ਨ ਨੂੰ ਚਾਰ ਚੰਨ ਲਗਾ ਰਿਹਾ ਹੈ। ਉਨ੍ਹਾਂ ਦਸਿਆ ਕਿ ਵੱਖ ਵੱਖ ਪੰਚਾਇਤਾਂ, ਕਲੱਬਾਂ, ਸਮਾਜ ਸੇਵੀ ਸੰਸਥਾਵਾਂ, ਸਿੱਖਿਆ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਬਲਾਕ ਅਤੇ ਜਿਲ੍ਹਾ ਪੱਧਰੀ ਅਨੇਕ ਸਨਮਾਨ ਮਿਲੇ ਹਨ ਪਰ ਸਿਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਪ੍ਰਸ਼ੰਸਾ ਪੱਤਰ, ਡਾਇਰੈਕਟਰ ਜਨਰਲ ਸਿਖਿਆ ਵਿਭਾਗ ਵਲੋਂ ਸਨਮਾਨ , 2017 ਵਿੱਚ ਅਧਿਆਪਕ ਦਿਵਸ ਦੇ ਰਾਜ ਪੱਧਰੀ ਸਮਾਗਮ ਵਿੱਚ ਸਟੇਟ ਐਵਾਰਡ ਅਤੇ 2021 ਵਿੱਚ ਗਲੋਬੀਕਲ ਬੈਸਟ ਟੀਚਰ ਐਵਾਰਡ ਦਾ ਮਿਲਣਾ ਵੀ ਸੋਨੇ ਉੱਤੇ ਸੁਹਾਗਾ ਸਾਬਿਤ ਹੋਇਆ ਹੈ , ਜੋ ਸਾਡੀ ਕਰਮਸ਼ੀਲਤਾ ਨੂੰ ਤਸਦੀਕ ਹੀ ਨਹੀਂ ਕਰਦਾ ਹੈ ਬਲਕਿ ਹੋਂਸਲਾ ਅਫਜ਼ਾਈ ਵੀ ਕਰਦਾ ਹੈ।



