
ਤਰਨਤਾਰਨ, 3 ਅਗਸਤ : ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਕਥਿਤ ਤੌਰ ’ਤੇ ਨਕਲੀ ਟਾਟਾ ਨਮਕ ਅਤੇ ਹਾਰਪਿਕ ਵੇਚਣ ਵਾਲੇ 2 ਦੁਕਾਨਦਾਰਾਂ ਖ਼ਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਤਰਨ ਤਾਰਨ ਵਿਖੇ ਮੋਹਿਤ ਸ਼ਰਮਾ ਪੁੱਤਰ ਹੀਰਾ ਲਾਲ ਵਾਸੀ ਕਰਤਾਰ ਨਗਰ ਛੇਹਰਟਾ ਅੰਮ੍ਰਿਤਸਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੀ ਅਧਿਕਾਰਤ ਕੰਪਨੀਆਂ ਐੱਮਐੱਸ ਟਾਟਾ ਕੰਜਿਊਮਰ ਟਾਟਾ ਸਾਲਟ ਐੱਮਐੱਸ ਰੈਕੇਟ ਵੈਨਸਕਾਈਜਰ ਹਾਰਪਿਕ ਦੇ ਨਾਂ ’ਤੇ ਰਿੱਧੀ ਸਿੱਧੀ ਟਰੇਡਿੰਗ ਦਾ ਮਾਲਕ ਅਮਿਤ ਪੁਰੀ ਪੁੱਤਰ ਪ੍ਰਦੀਪ ਕੁਮਾਰ ਵਾਸੀ ਗੁਰੂ ਨਾਨਕ ਕਾਲੋਨੀ ਪੱਟੀ ਆਪਣੀ ਦੁਕਾਨ ਅਤੇ ਗੁਦਾਮ ਵਿਚ ਰੱਖ ਕੇ ਨਕਲੀ ਟਾਟਾ ਸਾਲਟ ਵੇਚਣ ਅਤੇ ਸਪਲਾਈ ਦਾ ਕੰਮ ਕਰਦਾ ਹੈ। ਇਸੇ ਤਰ੍ਹਾਂ ਪੁਰੀ ਕਨਫੈਕਸ਼ਨਰੀ ਨੇੜੇ ਬੱਸ ਸਟੈਂਡ ਦਾ ਮਾਲਕ ਰਾਹੁਲ ਪੁਰੀ ਪੁੱਤਰ ਪ੍ਰਦੀਪ ਕੁਮਾਰ ਵਾਸੀ ਗੁਰੂ ਨਾਨਕ ਕਾਲੋਨੀ ਪੱਟੀ ਆਪਣੀ ਦੁਕਾਨ ਦੇ ਅੰਦਰ ਬਣੇ ਗੁਦਾਮ ਵਿਚ ਰੱਖ ਕੇ ਟਾਟਾ ਸਾਲਟ ਅਤੇ ਹਾਰਪਿਕ ਵੇਚਣ ਅਤੇ ਸਪਲਾਈ ਕਰਨ ਦਾ ਕੰਮ ਕਰਦਾ ਹੈ। ਥਾਣਾ ਸਿਟੀ ਪੱਟੀ ਦੇ ਐੱਸਆਈ ਮਨਪ੍ਰੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਜਦੋਂਕਿ ਇਨ੍ਹਾਂ ਕੋਲੋਂ ਤਿੰਨ ਡੱਬੇ ਹਾਰਪਿਕ ਅਤੇ 37 ਬੋਰੀਆਂ ਟਾਟਾ ਲੂਣ ਬਰਾਮਦ ਹੋਇਆ ਹੈ।



