
ਜਲੰਧਰ, 19 ਦਸੰਬਰ : ਸੰਘਣੀ ਧੁੰਦ ਕਾਰਨ ਵੀਰਵਾਰ ਦੇਰ ਰਾਤ ਗਾਜ਼ੀ ਗੁੱਲਾ ਅੰਡਰਬ੍ਰਿਜ ਤੇ ਇਕ ਵੱਡਾ ਹਾਦਸਾ ਵਾਪਰਿਆ। ਘੱਟ ਦਿਸਣ ਹੱਦ ਕਾਰਨ ਇਕ ਤੇਜ਼ ਰਫ਼ਤਾਰ ਟਰੱਕ ਅੰਡਰਬ੍ਰਿਜ ਤੇ ਲਾਏ ਇਕ ਗਾਰਡਰ ਨਾਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਗਰਡਰ ਆਪਣੀ ਜਗ੍ਹਾ ਤੋਂ ਖਿਸਕ ਗਿਆ ਤੇ ਹੇਠਾਂ ਸੜਕ ਤੇ ਡਿੱਗ ਗਿਆ। ਖੁਸ਼ਕਿਸਮਤੀ ਨਾਲ ਹਾਦਸੇ ਸਮੇਂ ਕੋਈ ਵਾਹਨ ਜਾਂ ਪੈਦਲ ਯਾਤਰੀ ਹੇਠਾਂ ਤੋਂ ਨਹੀਂ ਲੰਘ ਰਿਹਾ ਸੀ ਨਹੀਂ ਤਾਂ, ਜਾਨ-ਮਾਲ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਵੇਰੇ ਇਹ ਇਲਾਕਾ ਸੰਘਣੀ ਧੁੰਦ ’ਚ ਘਿਰਿਆ ਹੋਇਆ ਸੀ, ਜਿਸ ਕਾਰਨ ਟਰੱਕ ਡਰਾਈਵਰ ਅੰਡਰਬ੍ਰਿਜ ਦੀ ਉਚਾਈ ਤੇ ਸਾਹਮਣੇ ਵਾਲੇ ਗਾਰਡਰ ਦਾ ਅੰਦਾਜ਼ਾ ਲਗਾਉਣ ’ਚ ਅਸਮਰੱਥ, ਸਿੱਧੇ ਗਾਰਡਰ ਨਾਲ ਟਕਰਾ ਗਿਆ। ਹਾਦਸੇ ਕਾਰਨ ਘਟਨਾ ਸਥਾਨ ਤੇ ਹਫੜਾ-ਦਫੜੀ ਮਚ ਗਈ ਤੇ ਕੁਝ ਸਮੇਂ ਲਈ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਸੂਚਨਾ ਮਿਲਣ ਮਗਰੋਂ ਪੁਲਿਸ ਤੇ ਨਗਰ ਨਿਗਮ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ। ਸੁਰੱਖਿਆ ਕਾਰਨਾਂ ਕਰ ਕੇ ਆਵਾਜਾਈ ਨੂੰ ਮੋੜ ਦਿੱਤਾ ਗਿਆ ਸੀ ਤੇ ਡਿੱਗੇ ਹੋਏ ਗਰਡਰ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਟਰੱਕ ਡਰਾਈਵਰ ਤੋਂ ਪੁੱਛਗਿੱਛ ਕਰ ਕੇ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਸਥਾਨਕ ਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਧੁੰਦ ਦੇ ਮੌਸਮ ਦੌਰਾਨ ਅੰਡਰਬ੍ਰਿਜਾਂ ਤੇ ਮੁੱਖ ਸੜਕਾਂ ’ਤੇ ਚੇਤਾਵਨੀ ਚਿੰਨ੍ਹ, ਰਿਫਲੈਕਟਰ ਤੇ ਲੋੜੀਂਦੀ ਰੋਸ਼ਨੀ ਲਗਾਏ ਤਾਂ ਜੋ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।



