ਧਰਮਸ਼ਾਲਾ ਦੀ ਵਿਦਿਆਰਥਣ ਦੀ ਮੌਤ ਮਾਮਲੇ ’ਚ CM ਸੁਖੂ ਨੇ ਲਿਆ ਸਖ਼ਤ ਨੋਟਿਸ
ਸਹਾਇਕ ਪ੍ਰੋਫੈਸਰ ਮੁਅੱਤਲ, ਸਿੱਖਿਆ ਵਿਭਾਗ ਨੇ ਬਿਠਾਈ ਜਾਂਚ

ਸ਼ਿਮਲਾ/ਧਰਮਸ਼ਾਲਾ, 4 ਜਨਵਰੀ : ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਥਿਤ ਸਰਕਾਰੀ ਕਾਲਜ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ ’ਚ ਸੂਬਾ ਸਰਕਾਰ ਨੇ ਕਾਲਜ ਦੇ ਭੂਗੋਲ ਦੇ ਸਹਾਇਕ ਪ੍ਰੋਫੈਸਰ ਅਸ਼ੋਕ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਖ ਮੰਤਰੀ ਸੁਖਵਿੰਦਰ ਕੁਮਾਰ ਸੁਖੂ ਦੇ ਹੁਕਮ ਤੋਂ ਬਾਅਦ ਉੱਚ ਸਿੱਖਿਆ ਵਿਭਾਗ ਨੇ ਮਾਮਲੇ ’ਚ ਚਾਰ ਮੈਂਬਰੀ ਫੈਕਟ ਫਾਈਂਡਿੰਗ ਤੇ ਸ਼ੁਰੂਆਤੀ ਜਾਂਚ ਕਮੇਟੀ ਵੀ ਗਠਿਤ ਕੀਤੀ ਹੈ। ਉੱਚ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਡਾ. ਹਰੀਸ਼ ਕੁਮਾਰ ਦੀ ਪ੍ਰਧਾਨਗੀ ’ਚ ਗਠਿਤ ਕਮੇਟੀ ’ਚ ਸਰਕਾਰੀ ਕਾਲਜ ਢਲਿਆਰਾ ਦੀ ਪ੍ਰਿੰਸੀਪਲ ਡਾ. ਅੰਜੂ ਆਰ ਚੌਹਾਨ, ਸਰਕਾਰੀ ਕਾਲਜ ਬੈਜਨਾਥ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੁਮਾਰ ਕੌਂਡਲ ਤੇ ਸਰਕਾਰੀ ਕਾਲਜ ਨੌਰਾ ਦੇ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੂੰ ਮੈਂਬਰ ਬਣਾਇਆ ਹੈ। ਉੱਚ ਸਿੱਖਿਆ ਡਾਇਰੈਕਟੋਰੇਟ ਦੇ ਸੁਪਰਡੈਂਟ ਰਾਕੇਸ਼ ਵਰਮਾ ਨੂੰ ਜਾਂਚ ਸੰਚਾਲਨ ਤੇ ਸਬੰਧਤ ਰਿਕਾਰਡਾਂ ਦੀ ਪ੍ਰਾਪਤੀ ’ਚ ਮਦਦ ਲਈ ਨਿਯੁਕਤ ਕੀਤਾ ਗਿਆ ਹੈ। ਇਹ ਕਮੇਟੀ ਵਿਦਿਆਰਥਣ ਦੀ ਮੌਤ ਦੇ ਮਾਮਲੇ ਦੀ ਤੱਥਾਂ ਦੇ ਆਧਾਰ ’ਤੇ ਤੇ ਸ਼•ੁਰੂਆਤੀ ਜਾਂਚ ਕਰੇਗੀ। ਉੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸ਼ਰਮਾ ਵੱਲੋਂ ਇਸ ਸਬੰਧ ’ਚ ਹੁਕਮ ਜਾਰੀ ਕੀਤੇ ਗਏ ਹਨ। ਕਮੇਟੀ ਨੂੰ ਤਿੰਨ ਦਿਨਾਂ ’ਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਜਾਂਚ ਰਿਪੋਰਟ ਤੋਂ ਬਾਅਦ ਕਾਰਵਾਈ ਹੋਵੇਗੀ, ਉਦੋਂ ਤੱਕ ਸਹਾਇਕ ਪ੍ਰੋਫੈਸਰ ਮੁਅੱਤਲ ਰਹੇਗਾ। ਮੁਅੱਤਲੀ ਦੀ ਮਿਆਦ ’ਚ ਉਸਦਾ ਹੈੱਡਕੁਆਰਟਰ ਉੱਚ ਸਿੱਖਿਆ ਡਾਇਰੈਕਟੋਰੇਟ, ਸ਼ਿਮਲਾ ਹੋਵੇਗਾ। ਉਹ ਬਿਨਾਂ ਇਜਾਜ਼ਤ ਹੈੱਡਕੁਆਰਟਰ ਨਹੀਂ ਛੱਡ ਸਕੇਗਾ। ਸਕੱਤਰ ਸਿੱਖਿਆ ਰਾਕੇਸ਼ ਕੰਵਰ ਵੱਲੋਂ ਇਸ ਸਬੰਧ ’ਚ ਹੁਕਮ ਜਾਰੀ ਕੀਤੇ ਗਏ ਹਨ। ਅਸ਼ੋਕ ਕੁਮਾਰ ਦੇ ਵਿਰੁੱਧ ਭਾਰਤੀ ਨਿਆਂ ਜ਼ਾਬਤਾ ਦੀ ਧਾਰਾ 75 (ਜਿਨਸੀ ਸ਼ੋਸ਼ਣ-ਛੇੜਛਾੜ, ਅਸ਼•ਲੀਲ ਟਿੱਪਣੀ), 115 (2) (ਜਾਣਬੁੱਝ ਕੇ ਸੱਟ ਮਾਰਨਾ), 3 (5) ਤੇ ਹਿਮਾਚਲ ਪ੍ਰਦੇਸ਼ ਵਿੱਦਿਅਕ ਸੰਸਥਾ (ਰੈਗਿੰਗ ਰੋਕੂ) ਐਕਟ 2009 ਦੀ ਧਾਰਾ 3 ਦੇ ਤਹਿਤ ਕੇਸ ਰਜਿਸਟਰ ਕੀਤਾ ਗਿਆ ਹੈ। ਵਿਦਿਆਰਥਣ ਦੀ ਮੌਤ ਦੇ ਮਾਮਲੇ ’ਚ ਚਾਰ ਵਿਦਿਆਰਥਣਾਂ ਵਿਰੁੱਧ ਵੀ ਐੱਫਆਈਆਰ ਦਰਜ ਕੀਤੀ ਗਈ ਹੈ। ਐੱਸਸੀ-ਐੱਸਟੀ ਕਮਿਸ਼ਨ ਨੇ ਵੀ ਮਾਮਲੇ ’ਚ ਰਿਪੋਰਟ ਤਲਬ ਕੀਤੀ ਹੈ।
ਡੀਐੱਮਸੀ ਲੁਧਿਆਣਾ ਤੋਂ ਕਬਜ਼ਾ ’ਚ ਲਏ ਦਸਤਾਵੇਜ਼
ਪੁਲਿਸ ਨੇ ਸ਼ਨਿਚਰਵਾਰ ਨੂੰ ਡੀਐੱਮਸੀ ਲੁਧਿਆਣਾ ’ਚ ਵਿਦਿਆਰਥਣ ਦੇ ਇਲਾਜ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਕਬਜ਼ੇ ’ਚ ਲਿਆ। ਪੁਲਿਸ ਨੇ ਡੀਐੱਮਸੀ ਦੇ ਮੈਡੀਕਲ ਸਟਾਫ ਦੇ ਬਿਆਨ ਵੀ ਕਲਮਬੱਧ ਕੀਤੇ ਹਨ। ਇਸ ਤੋਂ ਇਲਾਵਾ ਜਿਹੜੇ ਹਸਪਤਾਲਾਂ ’ਚ ਵਿਦਿਆਰਥਣ ਦਾ ਇਲਾਜ ਹੋਇਆ ਹੈ, ਉਥੋਂ ਵੀ ਪੁਲਿਸ ਰਿਕਾਰਡ ਕਬਜ਼ੇ ’ਚ ਲਵੇਗੀ। ਮਾਮਲੇ ਦੀ ਜਾਂਚ ਲਈ ਦੋ ਟੀਮਾਂ ਦਾ ਗਠਨ ਕੀਤਾ ਹੈ। ਮਾਮਲੇ ਦੀ ਜਾਂਚ ਡੀਐੱਸਪੀ ਧਰਮਸ਼ਾਲਾ ਨਿਸ਼ਾ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਮੈਡੀਕਲ, ਵੀਡੀਓ ਕਲਿਪ ਤੇ ਗਵਾਹਾਂ ਦੇ ਬਿਆਨਾਂ ਸਮੇਤ ਹੋਰ ਸਬੂਤ ਇਕੱਠੇ ਕਰ ਰਹੀ ਹੈ।
ਯੂਜੀਸੀ ਨੇ ਜਾਂਚ ਲਈ ਕਮੇਟੀ ਕੀਤੀ ਗਠਿਤ
ਯੂਜੀਸੀ ਨੇ ਸ਼ਨਿਚਰਵਾਰ ਨੂੰ ਜਾਂਚ ਦਾ ਹੁਕਮ ਦਿੱਤਾ ਹੈ ਤੇ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ’ਚ ਪ੍ਰੋ. ਰਾਜ ਕੁਮਾਰ ਮਿੱਤਲ ਪ੍ਰੋਫੈਸਰ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਨਵੀਂ ਦਿੱਲੀ ਯੂਜੀਸੀ ਕਮੇਟੀ ਦੇ ਪ੍ਰਧਾਨ ਹੋਣਗੇ। ਪ੍ਰੋ. ਸੁਸ਼ਮਾ ਯਾਦਵ, ਯੂਜੀਸੀ ਦੀ ਸਾਬਕਾ ਕਮਿਸ਼•ਨ ਮੈਂਬਰ, ਡਾ. ਨੀਰਜਾ ਗੁਪਤਾ ਵਾਈਸ ਚਾਂਸਲਰ ਗੁਜਰਾਤ ਯੂਨੀਵਰਸਿਟੀ ਅਹਿਮਦਾਬਾਦ, ਪ੍ਰੋ. ਪੀ. ਪ੍ਰਕਾਸ਼ ਬਾਬੂ ਵਾਈਸ ਚਾਂਸਲਰ ਪੁੱਡੂਚੇਰੀ ਯੂਨੀਵਰਸਿਟੀ ਪੁੱਡੂਚੇਰੀ ਕਮੇਟੀ ਮੈਂਬਰ ਤੇ ਡਾ. ਸੁਨੀਤਾ ਸਿਵਾਚ ਸੰਯੁਕਤ ਯੂਜੀਸੀ ਕਮੇਟੀ ਤਾਲਮੇਲ ਅਧਿਕਾਰੀ ਹੋਣਗੇ। ਘਟਨਾ ’ਤੇ ਸਰਕਾਰ ਨੇ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਮੁਲਜ਼ਮ ਸਹਾਇਕ ਪ੍ਰੋਫੈਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਾਮਲੇ ’ਚ ਜੋ ਵੀ ਦੋਸ਼ੀ ਹੋਵੇਗਾ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।



