
ਹੁਸ਼ਿਆਰਪੁਰ, 22 ਮਾਰਚ-ਵਾਰਡ ਨੰਬਰ 50 ਦੇ ਨੀਲਕੰਠ ਮੁਹੱਲਾ ਵਿਚ ਪਾਈਆਂ ਜਾ ਰਹੀਆਂ ਰਸੋਈ ਗੈਸ ਦੀਆਂ ਪਾਈਪਾਂ ਦੌਰਾਨ ਪੁੱਟੇ ਗਏ ਟੋਇਆਂ ਵਿਚ ਵਿਛੀਆਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦੇ ਟੁੱਟ ਜਾਣ ਕਾਰਨ ਮੁਹੱਲੇ ਵਿਚ ਹੋਈ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਬਾਅਦ ਧਰਨਾ ਦੇ ਰਹੇ ਵਾਰਡ ਵਾਸੀਆਂ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਪੁਲਿਸ ਨੇ ਧਰਨਾ ਵਿਰੋਧੀ ਅਖ਼ਿਤਆਰ ਅਪਣਾ ਲਿਆ। ਪੁਲਿਸ ਵਲੋਂ ਧਰਨੇ ਦੀ ਅਗਵਾਈ ਕਰ ਰਹੇ ਕੌਂਸਲਰ ਨੂੰ ਹਿਰਾਸਤ ਵਿਚ ਲਿਆ ਤਾਂ ਧਰਨਾਕਾਰੀ ਪੱਤਰਾਵਾਚ ਕੇ ਰਫੂ ਚੱਕਰ ਹੋ ਗਏ। ਆਪਣੇ ਆਗੂ ਦੀ ਦਸ਼ਾ ਦੇਖ਼ ਮੁੜ ਇੱਕਠੇ ਹੋਏ ਧਰਨਾਕਾਰੀ ਨਗਰ ਨਿਗਮ ਨੂੰ ਮੰਗ ਪੱਤਰ ਦੇ ਕੇ ਧਰਨੇ ਦੀ ਕਾਰਵਾਈ ਪੂਰੀ ਕਰਕੇ ਚੱਲਦੇ ਬਣੇ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹੱਲਾ ਨੀਲਕੰਠ ਵਿਖੇ ਪਿਛਲੇ ਸੱਤ ਕੁ ਦਿਨਾ ਤੋਂ ਪੀਣ ਵਾਲੇ ਪਾਣੀ ਦੀ ਸੱਮਿਸਆ ਅਤੇ ਕਿੱਲਤ ਤੋਂ ਦੁਖੀ ਵਾਰਡ ਵਾਸੀਆਂ ਨੇ ਕੌਂਸਲਰ ਗੁਰਮੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਧਰਨਾ ਦੇ ਦਿੱਤਾ ਅਤੇ ਸੜਕ ਕਿਨਾਰੇ ਬੈਠਕੇ ਨਗਰ ਨਿਗਮ ਅਤੇ ਪੰਜਾਬ ਸਰਕਾਰ ਨੂੰ ਕੋਸਣ ਲੱਗ ਪਏ। ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਸੁਵਿਧਾ ਦੇਣ ਦੀਆਂ ਗੱਲਾਂ ਕਰ ਰਹੀ ਹੈ ਜਦਕਿ ਦੂਜੇ ਪਾਸੇ ਸਭ ਤੋਂ ਮਹੱਤਵਪੂਰਣ ਵਸਤੂ ਪਾਣੀ ਦੀ ਕਿੱਲਤ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿਚ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਿਸ ਕਾਰਨ ਧਰਨਾ ਦੇਣਾ ਪਿਆ। ਮਾਮਲਾ ਉਸ ਸਮੇਂ ਭਖ਼ ਗਿਆ ਜਦੋਂ ਧਰਨਾਕਾਰੀਆਂ ਨੇ ਹੁਸ਼ਿਆਰਪੁਰ ਟਾਂਡਾ ਬਾਈਪਾਸ ’ਤੇ ਚੱਕਾ ਜਾਮ ਕਰਕੇ ਨਾਹਰੇਬਾਜੀ ਸ਼ੁਰੂ ਕਰ ਦਿੱਤੀ। ਅਣਸੁਖ਼ਾਵੀਂ ਘਟਨਾ ਦੇ ਵਾਪਰਣ ਨੂੰ ਰੋਕਣ ਲਈ ਖ਼ੜੀ ਵੱਡੀ ਗਿਣਤੀ ਵਿਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੌਂਸਲਰ ਗੁਰਮੀਤ ਸਿੰਘ ਸਿੱਧੂ ਨੂੰ ਹਿਰਾਸਤ ਵਿਚ ਲੈ ਗਏ। ਆਗੂ ਦੀ ਹਿਰਾਸਤ ਦੇਖ਼ ਕੇ ਧਰਨਾਕਰੀਆਂ ਨੂੰ ਹੱਥਾਂ–ਪੈਰਾਂ ਦੀ ਪੈ ਗਈ। ਪਹਿਲਾਂ ਉਹ ਤਿਤਰ ਬਿਤਰ ਹੋ ਗਏ ਅਤੇ ਮੁੜ ਕੁੱਝ ਦੇਰ ਬਾਅਦ ਆਪਣੇ ਆਗੂ ਦੇ ਹੱਕ ਵਿਚ ਆ ਗਏ। ਆਖਿਰ ਪੁਲਿਸ ਅਤੇ ਧਰਨਾਕਾਰੀਆਂ ਦੀ ਗੱਲਬਾਤ ਤੋਂ ਬਾਅਦ ਧਰਨਾਕਾਰੀਆਂ ਨੇ ਨਗਰ ਨਿਗਮ ਨੂੰ ਮੰਗ ਪੱਤਰ ਦੇ ਕੇ ਆਪਣਾ ਖਹਿੜਾ ਛੁਡਾਇਆ। ਥਾਣੇਦਾਰ ਗੁਰਸਾਹਿਬ ਸਿੰਘ ਨੇ ਆਖਿਆ ਕਿ ਮਸਲਾ ਨਗਰ ਨਿਗਮ ਦਾ ਹੈ ਤਾਂ ਧਰਨਾ ਵੀ ਨਗਰ ਨਿਗਮ ਦਫ਼ਤਰ ਅੱਗੇ ਲੱਗਣਾ ਚਾਹੀਦਾ ਹੈ ਨਾ ਕਿ ਸੜਕ ਜਾਮ ਕਰਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਚਾਹੀਦਾ ਹੈ। ਇਸ ਮੌਕੇ ਜੀਤ ਸਿੰਘ, ਜਸਵਿੰਦਰ ਸਿੰਘ, ਸਰਬਜੀਤ ਸਿੰਘ, ਕੇਵਲ ਕ੍ਰਿਸ਼ਨ। ਬਲਜਿੰਦਰ ਸਿੰਘ, ਦੀਵਾਨ ਸਿੰਘ, ਮਦਨ ਲਾਲ, ਰਾਜ ਕੁਮਾਰ, ਉਕਾਂਰ ਸਿੰਘ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਵਾਰਡ ਵਾਸੀ ਵੀ ਹਾਜ਼ਰ ਸਨ।



