
ਲੁਧਿਆਣਾ, 27 ਜੁਲਾਈ : ਲੁਧਿਆਣਾ ਇਸਲਾਮਗੰਜ ਦੇ ਇਲਾਕੇ ’ਚ ਪੁਰਾਣੀ ਰੰਜਿਸ਼ ਕਾਰਨ ਦੋ ਪੱਖਾਂ ’ਚ ਸ਼ੁੱਕਰਵਾਰ ਦੀ ਰਾਤ ਵਿਵਾਦ ਹੋ ਗਿਆ। ਇਸ ਵਿਵਾਦ ਦੌਰਾਨ ਦੋਹਾਂ ਪੱਖਾਂ ਨੇ ਇਕ ਦੂਜੇ ’ਤੇ ਜ਼ੋਰਦਾਰ ਇੱਟਾਂ, ਪੱਥਰਾਂ ਤੇ ਕੱਚ ਦੀਆਂ ਬੋਤਲਾਂ ਸੁੱਟੀਆਂ। ਹਾਲਾਂਕਿ ਇਸ ਹਮਲੇ ’ਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਗੱਲ ਸਾਹਮਣੇ ਨਹੀਂ ਆਈ। ਇਸ ਮਾਮਲੇ ਦੀ ਜਾਣਕਾਰੀ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੂੰ ਦਿੱਤੀ ਗਈ, ਜਿੱਥੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਲਾਕੇ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਇਲਾਕੇ ਦੇ ਕੁਝ ਨੌਜਵਾਨਾਂ ਨਾਲ ਉਨ੍ਹਾਂ ਦਾ ਲੱਗਭਗ 4 ਸਾਲ ਪਹਿਲਾਂ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਦੋਹਾਂ ਪੱਖਾਂ ’ਚ ਸਮਝੌਤਾ ਹੋ ਗਿਆ ਸੀ। ਸ਼ੁੱਕਰਵਾਰ ਦੀ ਰਾਤ, ਉਕਤ ਪੱਖ ਦੇ ਲੋਕ ਉਨ੍ਹਾਂ ਦੇ ਘਰ ਦੇ ਬਾਹਰ ਆਏ ਤੇ ਗਾਲਾਂ ਕੱਢਣ ਲੱਗੇ, ਜਦੋਂ ਉਨ੍ਹਾਂ ਨੇ ਗਾਲਾਂ ਕੱਢਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਦੇ ਗੇਟ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਦੇ ਘਰ ’ਤੇ ਕੱਚ ਦੀਆਂ ਬੋਤਲਾਂ, ਇੱਟਾਂ ਤੇ ਪੱਥਰਾਂ ਦੀ ਬਰਸਾਤ ਕਰਨ ਲੱਗੇ। ਜਸਪ੍ਰੀਤ ਦੇ ਅਨੁਸਾਰ ਜਦੋਂ ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਕੰਟਰੋਲ ਰੂਮ ’ਤੇ ਦਿੱਤੀ ਤਾਂ ਮੌਕੇ ’ਤੇ ਪੀਸੀਆਰ ਦਸਤਾ ਪਹੁੰਚਿਆ, ਜਿੱਥੇ ਪੀਸੀਆਰ ਕਰਮਚਾਰੀਆਂ ਦੀ ਮੌਜੂਦਗੀ ’ਚ ਵੀ ਉਕਤ ਨੌਜਵਾਨ ਹਥਿਆਰਾਂ ਨਾਲ ਉਨ੍ਹਾਂ ਨੂੰ ਲਲਕਾਰਦੇ ਰਹੇ। ਇਸ ਤੋਂ ਬਾਅਦ ਥਾਣਾ ਡਵੀਜ਼ਨ ਨੰ. 2 ਦੀ ਪੁਲਿਸ ਮੌਕੇ ’ਤੇ ਪਹੁੰਚੀ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 2 ਦੇ ਇੰਚਾਰਜ ਗੁਰਜੀਤ ਸਿੰਘ ਨੇ ਕਿਹਾ ਕਿ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਡਿਊਟੀ ਅਫਸਰ ਨੂੰ ਭੇਜ ਦਿੱਤਾ ਗਿਆ ਸੀ। ਦੋਹਾਂ ਪੱਖਾਂ ਨੂੰ ਥਾਣੇ ’ਚ ਬੁਲਾਇਆ ਗਿਆ ਹੈ, ਜਿੱਥੇ ਦੋਹਾਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।



