
ਵੇਰਕਾ, 3 ਅਗਸਤ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਨਗਰ ਗੁਰਦੁਆਰਾ ਕੋਠਾ ਸਾਹਿਬ ਵੱਲ੍ਹਾ ਵਿਖੇ 350ਵੇਂ ਸ਼ਹੀਦੀ ਸਮਾਗਮ ਨੂੰ ਵੱਡੇ ਪੱਧਰ ’ਤੇ ਉਤਸ਼ਾਹ ਨਾਲ ਮਨਾਉਣ ਲਈ ਅਤੇ ਧਾਰਮਿਕ ਮਹੱਤਤਾ ਵਾਲੀ ਨਗਰੀ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਜ਼ਿਲ੍ਹਾ ਯੋਜਨਾ ਬੋਰਡ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਵੱਲ੍ਹਾ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨਾਲ ਵਿਕਾਸ ਕਾਰਜਾਂ ਨੂੰ ਤੇਜੀ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਏਡੀਸੀ ਤੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵੀ ਨਾਲ ਸਨ। ਦੋਵਾਂ ਕੈਬਨਿਟ ਮੰਤਰੀਆਂ ਨੇ ਸੰਬੋਧਨ ਕਰਦੇ ਵੱਲ੍ਹਾ ਨਗਰੀ ਦੇ ਵਿਕਾਸ ਕਾਰਜਾਂ ਨੂੰ ਸਫਲਤਾ ਨਾਲ ਨੇਪਰੇ ਚੜ੍ਹਾਏ ਜਾਣ ਦੇ ਦਿਸ਼ਾਂ ਨਿਰਦੇਸ਼ ਦਿੱਤੇ। ਉਨ੍ਹਾਂ ਵਿਕਾਸ ਕਾਰਜਾਂ ਲਈ ਪਿੰਡ ਵਾਸੀਆਂ ਦਾ ਮਸ਼ਵਰਾ ਵੀ ਲਿਆ, ਪਰ ਕਿਸੇ ਕਾਰ ਹਲਕਾ ਵਿਧਾਇਕ ਨਹੀਂ ਪਹੁੰਚ ਸਕੇ। ਪਿੰਡ ਵਾਸੀਆਂ ਨੇ ਨਗਰ ਵਿਚ ਕਮਿਊਨਿਟੀ ਸੈਂਟਰ, ਲਾਇਬ੍ਰੇਰੀ, ਆਂਗਣਵਾੜੀ ਸੈਂਟਰ, ਮੱੁਖ ਗੇਟ ਪਿੰਡ ਵਿਚਲੀਆਂ ਖਸਤਾ ਹਾਲਤ ਸੜਕਾਂ ਤਜਰੀਹੀ ਤੌਰ ’ਤੇ ਸਵਾਰਨ ਦੀ ਮੰਗ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨਗਰੀ ਨੂੰ ਵਿਕਾਸ ਪੱਖੋਂ ਸਵਾਰਨ ਤੇ ਵਿਕਾਸ ਕਾਰਜਾਂ ਵਿਚ ਕਿਸੇ ਕਿਸਮ ਦੀ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਪੰਜਾਬ ਦੇ ਮੱੁਖ ਮੰਤਰੀ ਭਗਵੰਤ ਮਾਨ ਨੇ ਸੂਬਾ ਪੱਧਰੀ ਧਾਰਮਿਕ ਸਮਾਗਮ ਨੂੂੰ ਵਿਸ਼ਾਲ ਪੱਧਰ ‘’ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਵੱਲ੍ਹਾ ਦੇ ਆਪ ਆਗੂ ਰਮਨਦੀਪ ਸਿੰਘ ਅਤੇ ਸਮਾਜ ਸੇਵਕ ਕਸ਼ਮੀਰ ਸਿੰਘ ਕਾਕੂ ਮੌਜੂਦ ਸਨ।



