
ਅੰਮ੍ਰਿਤਸਰ, 6 ਜਨਵਰੀ- ਥਾਣਾ ਭਿੰਡੀਸੈਦਾਂ ਦੀ ਪੁਲਿਸ ਨੇ ਐਤਵਾਰ ਦੇਰ ਰਾਤ ਹੈਰੋਇਨ ਤਸਕਰੀ ਦੇ ਦੋਸ਼ ‘ਚ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਕਾਰ ਦੀ ਤਲਾਸ਼ੀ ਲੈਣ ‘ਤੇ ਮੁਲਜ਼ਮਾਂ ਦੇ ਕਬਜ਼ੇ ‘ਚੋਂ 2 ਕਿੱਲੋ ਹੈਰੋਇਨ ਅਤੇ 1.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਅਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਐੱਸਐੱਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਜੈ ਵਰਮਾ ਅਤੇ ਬਲਬੀਰ ਸਿੰਘ ਉਰਫ਼ ਬੀਰਾ ਵਾਸੀ ਪਿੰਡ ਮਜਾਰੀ ਬੰਗਾ ਵਜੋਂ ਕੀਤੀ ਹੈ। ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਬੰਗਾ ਇਲਾਕੇ ਦੇ ਰਹਿਣ ਵਾਲੇ ਦੋ ਨੌਜਵਾਨ ਇਕ ਕਾਰ ‘ਚ ਘਰਿੰਡਾ ਇਲਾਕੇ ‘ਚ ਤਸਕਰਾਂ ਤੋਂ ਹੈਰੋਇਨ ਦੀ ਵੱਡੀ ਖੇਪ ਲੈ ਕੇ ਜਲੰਧਰ ਜੀਟੀ ਰੋਡ ਵੱਲ ਜਾ ਰਹੇ ਹਨ। ਇਸ ਦੇ ਆਧਾਰ ’ਤੇ ਪੁਲਿਸ ਨੇ ਨਾਕਾਬੰਦੀ ਕਰਕੇ ਕਾਰ ਨੰਬਰ (ਪੀਬੀ-10-ਈਜ਼ੈੱਡ-4015) ਨੂੰ ਰੁਕਣ ਦਾ ਇਸ਼ਾਰਾ ਕੀਤਾ। ਮੁਲਜ਼ਮਾਂ ਨੇ ਕਾਰ ਨੂੰ ਸਾਈਡ ’ਤੇ ਰੋਕ ਕੇ ਕਾਰ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਕਾਰ ਦੀ ਸੀਟ ਹੇਠੋਂ 2 ਕਿੱਲੋ ਹੈਰੋਇਨ ਅਤੇ 1.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਕਈ ਰਾਜ਼ ਖੋਲ੍ਹੇ ਹਨ। ਪੁਲਿਸ ਨੂੰ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਇਹ ਖੇਪ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਕ ਪਿੰਡ ਤੋਂ ਦੋ ਸਮੱਗਲਰਾਂ ਤੋਂ ਲਈ ਸੀ। ਜਿਸ ਨੂੰ ਮੁਲਜ਼ਮਾਂ ਨੇ ਬੰਗਾ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਸਪਲਾਈ ਕਰਨਾ ਸੀ। ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਰਿਕਾਰਡ ਬੰਗਾ ਪੁਲਿਸ ਨੂੰ ਉਪਲਬਧ ਕਰਵਾਇਆ ਜਾ ਰਿਹਾ ਹੈ।



