Punjab

ਦੁਸਹਿਰੇ ਮੌਕੇ ਲੁਧਿਆਣਾ ਤੇ ਗੋਬਿੰਦਗੜ੍ਹ ’ਚ ਵਿਗੜਿਆ AQI

ਪਰਾਲੀ ਸੜਣ ਦੇ ਮਾਮਲਿਆਂ 'ਚ ਹੁਣ ਤੱਕ ਦੇਖਣ ਨੂੰ ਮਿਲੀ ਕਾਫੀ ਰਾਹਤ

ਪਟਿਆਲਾ, 4 ਅਕਤੂਬਰ : ਪਿਛਲੇ ਚਾਰ ਦਿਨ ਤੋਂ ਪਰਾਲੀ ਤਾਂ ਸੜੀ ਹੈ ਪਰ ਦੁਸਹਿਰੇ ਮੌਕੇ ਹੋਈ ਆਤਿਸ਼ਬਾਜ਼ੀ ਦਾ ਅਸਰ ਹਵਾ ਦੀ ਗੁਣਵੱਤਾ ’ਤੇ ਦੇਖਣ ਨੂੰ ਮਿਲਿਆ। ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਵਰਗੇ ਉਦਯੋਗਿਕ ਸ਼ਹਿਰਾਂ ਦੇ ਏਅਰ ਕੁਆਲਟੀ ਇੰਡੈਕਸ (ਏਕਿਊਆਈ) ਗੁੱਡ ਤੋਂ ਮੋਡਰੇਟ ਦੇ ਨਿਸ਼ਾਨ ’ਤੇ ਪੁੱਜ ਗਿਆ ਹੈ। ਭਾਵੇਂ ਪਿਛਲੇ ਸਾਲ ਨਾਲੋਂ ਪਰਾਲੀ ਸੜਣ ਦੇ ਮਾਮਲੇ ਘਟਣ ਨਾਲ ਏਕਿਊਆਈ ਵਿਚ ਵੀ ਸੁਧਾਰ ਦੇਖਿਆ ਗਿਆ। ਇਸ ਸਾਲ ਦੋ ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ’ਚ ਏਕਿਊਆਈ 89, ਬਠਿੰਡਾ ’ਚ 88, ਜਲੰਧਰ ’ਚ 50, ਲੁਧਿਆਣਾ ’ਚ 101, ਮੰਡੀ ਗੋਬਿੰਦਗੜ੍ਹ ’ਚ 112 ਤੇ ਪਟਿਆਲਾ ਵਿਚ 84 ਦਰਜ ਕੀਤਾ ਗਿਆ। ਪਿਛਲੇ ਸਾਲ ਦੁਸਹਿਰਾ 12 ਅਕਤੂਬਰ ਨੂੰ ਸੀ ਤੇ ਇਸ ਦੌਰਾਨ ਅੰਮ੍ਰਿਤਸਰ ਦਾ ਏਕਿਊਆਈ 133, ਬਠਿੰਡਾ ਦਾ 236, ਜਲੰਧਰ ਦਾ 84, ਲੁਧਿਆਣਾ ਦਾ 102, ਮੰਡੀ ਗੋਬਿੰਦਗੜ੍ਹ ਦਾ 84 ਅਤੇ ਪਟਿਆਲਾ ਦਾ 101 ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਪਰਾਲੀ ਸੜਣ ਦੇ ਮਾਮਲਿਆਂ ਵਿਚ ਇਸ ਸਾਲ ਹੁਣ ਤੱਕ ਕਾਫੀ ਰਾਹਤ ਦੇਖਣ ਨੂੰ ਮਿਲੀ ਹੈ। 29 ਸਤੰਬਰ ਤੋਂ ਬਾਅਦ ਤਿੰਨ ਅਕਤੂਬਰ ਤੱਕ ਪੰਜਾਬ ਵਿਚ ਕਿਤੇ ਵੀ ਪਰਾਲੀ ਸੜਣ ਦਾ ਮਾਮਲਾ ਰਿਪੋਰਟ ਨਹੀਂ ਹੋਇਆ। 29 ਸਤੰਬਰ ਨੂੰ ਸੂਬੇ ਵਿਚ ਸਿਰਫ ਪੰਜ ਥਾਈਂ ਪਰਾਲੀ ਸੜਣ ਦੇ ਮਾਮਲੇ ਰਿਪੋਰਟ ਹੋਏ ਤੇ ਉਸ ਤੋਂ ਬਾਅਦ ਅੱਜ ਤੱਕ ਫਿਲਹਾਲ ਪਰਾਲੀ ਦੀ ਅੱਗ ਨੂੰ ਠੱਲ੍ਹ ਪਈ ਹੋਈ ਹੈ। ਮਾਹਰਾਂ ਮੁਤਾਬਕ, ਪਰਾਲੀ ਦੇ ਮਾਮਲਿਆਂ ਵਿਚ ਇਸ ਸਾਲ ਕਾਫੀ ਕਟੌਤੀ ਹੋਵੇਗੀ, ਸਰਹੱਦੀ ਇਲਾਕਿਆਂ ਵਿਚ ਕਾਫੀ ਰਕਬਾ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ ਤੇ ਕਿਸਾਨ ਦਾ ਭਾਰੀ ਨੁਕਸਾਨ ਹੋਇਆ ਹੈ। ਪ੍ਰੰਤੂ ਮਾਲਵਾ ਪੱਟੀ ਵਿਚ ਹਾਲੇ ਫਸਲ ਖੇਤਾਂ ਵਿਚ ਖੜ੍ਹੀ ਹੈ ਤੇ ਅਗਲੇ ਦਿਨਾਂ ਵਿਚ ਫਸਲ ਪੱਕਣ ਤੋਂ ਬਾਅਦ ਕਟਾਈ ਹੋਵੇਗੀ ਤੇ ਫਿਰ ਪਰਾਲੀ ਸੜਣ ਦੇ ਮਾਮਲਿਆਂ ਵਿਚ ਵਾਧਾ ਹੋਣ ਦਾ ਅਨੁਮਾਨ ਹੈ।

Related Articles

Leave a Reply

Your email address will not be published. Required fields are marked *

Back to top button