ਦੁਲਹਨ ਵਾਂਗ ਸਜਾਈ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ, ਹੋਲੇ-ਮਹੱਲੇ ’ਤੇ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਕਹਿਣ ਲਈ ਤਿਆਰ ਗੁਰੂ ਨਗਰੀ

ਸ਼੍ਰੀ ਆਨੰਦਪੁਰ ਸਾਹਿਬ, 12 ਮਾਰਚ-ਖਾਲਸੇ ਦੇ ਪਾਵਨ ਤਿਉਹਾਰ ਹੋਲੇ–ਮਹੱਲੇ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਹੋ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਇਨ੍ਹਾਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਹਨ ਤੇ ਉਨ੍ਹਾਂ ਵੱਲੋਂ ਲਗਾਤਾਰ ਇਲਾਕੇ ਦੀਆਂ ਸੰਗਤਾਂ ਨਾਲ ਰਾਬਤਾ ਕਾਇਮ ਕਰਕੇ ਪ੍ਰੇਰਣਾ ਕੀਤੀ ਜਾ ਰਹੀ ਹੈ। ਇਸ ਹੋਲੇ ਮਹੱਲੇ ਦੀਆਂ ਤਿਆਰੀਆਂ ਦਾ ਮੁੱਖ ਧੁਰਾ ਮੰਨੇ ਜਾਂਦੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਤੇ ਐਡੀਸ਼ਨਲ ਮੈਨੇਜਰ ਹਰਦੇਵ ਸਿੰਘ ਐਡਵੋਕੇਟ ਵੱਲੋਂ ਦਿਨ ਰਾਤ ਇਕ ਕਰਕੇ ਸਮੁੱਚੇ ਪ੍ਰਬੰਧ ਕੀਤੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮੌਕੇ ਸ਼ਹਿਰ ਦੇ ਸਮੁੱਚੇ ਗੁਰੂ ਘਰਾਂ ਦੀ ਖੂਬਸੂਰਤ ਸਜਾਵਟ ਕੀਤੀ ਗਈ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਿੱਥੇ ਦੁੱਧ ਚਿੱਟਾ ਰੰਗ ਕੀਤਾ ਗਿਆ ਹੈ, ਉਥੇ ਰੰਗ ਬਿਰੰਗੇ ਫੁੱਲਾਂ ਅਤੇ ਭਾਂਤ-ਭਾਂਤ ਦੀਆਂ ਰੋਸ਼ਨੀਆਂ ਨਾਲ ਸਜਾਇਆ ਗਿਆ ਹੈ ਜਿਸ ਨੂੰ ਦੇਖ ਕੇ ਸੰਗਤਾਂ ਪ੍ਰਸੰਨ ਹੋ ਰਹੀਆਂ ਹਨ। ਤਖਤ ਸਾਹਿਬ ਦੀ ਚੜ੍ਹਾਈ ਤੋਂ ਲੈ ਕੇ ਧੁਰ ਉਪਰ ਤੱਕ ਮਨਮੋਹਣੀ ਸਜਾਵਟ ਕੀਤੀ ਗਈ ਹੈ। ਸੰਗਤਾਂ ਲਈ ਗੁਰੂ ਕੇ ਲੰਗਰ, ਚਾਹ ਪਾਣੀ, ਬਿਜਲੀ, ਜੋੜਾ ਘਰ, ਗੱਠੜੀ ਘਰ ਆਦਿ ਦੇ ਸਮੁੱਚੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿਤੀਆਂ ਜਾ ਰਹੀਆਂ ਹਨ। ਸੰਗਤਾਂ ਦੀ ਸੇਵਾ ਲਈ ਵਾਧੂ ਸਟਾਫ ਮੰਗਵਾਇਆ ਗਿਆ ਹੈ। ਦੂਜੇ ਪਾਸੇ ਮੇਲਾ ਅਫਸਰ ਕਮ ਐੱਸਡੀਐੱਮ ਜਸਪ੍ਰੀਤ ਸਿੰਘ ਦੀ ਦੇਖ ਰੇਖ ਵਿਚ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾ ਰਹੇ ਹਨ। ਉਹ ਖੁਦ ਆਪ ਪੈਦਲ ਚੱਲ ਕੇ ਸਮੁੱਚੇ ਮੇਲਾ ਖੇਤਰ ਦੀ ਦੇਖ-ਰੇਖ ਕਰ ਰਹੇ ਹਨ। ਸਮੁੱਚੇ ਮੇਲਾ ਖੇਤਰ ਨੂੰ ਸੈਕਟਰਾਂ ਵਿਚ ਵੰਡ ਕੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਸ਼ਹਿਰ ਦੇ ਚਾਰੇ ਪਾਸੇ ਸੁੰਦਰ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ। ਟੂਰਿਜ਼ਮ ਵਿਭਾਗ ਵੱਲੋਂ ਵਿਰਾਸਤ ਏ ਖਾਲਸਾ, ਪੰਜ ਪਿਆਰਾ ਪਾਰਕ ਨੂੰ ਬਹੁਤ ਹੀ ਖੂਬਸੂਰਤ ਦਿਖ ਪ੍ਰਦਾਨ ਕੀਤੀ ਗਈ ਹੈ। ਪੰਜ ਪਿਆਰਾ ਪਾਰਕ ਵਿਚ ਦਿਲ ਖਿੱਚਵੇਂ ਫੁਹਾਰੇ, ਸੁੰਦਰ ਫੁੱਲ, ਮਨਮੋਹਣੀਆਂ ਲਾਈਟਾਂ, ਸਾਫ ਸਫਾਈ ਦੇਖ ਕੇ ਸੰਗਤਾਂ ਵਾਹ ਵਾਹ ਕਰਦੀਆਂ ਹਨ।
ਪੁਲਿਸ ਰੱਖ ਰਹੀ ਹੈ ਤਿੱਖੀ ਨਜ਼ਰ
ਤਖਤਾਂ ਦੇ ਜਥੇਦਾਰਾਂ ਸਬੰਧੀ ਬਦਲਦੇ ਹਾਲਾਤ ਦਾ ਪ੍ਰਛਾਵਾਂ ਹੋਲੇ ਮਹੱਲੇ ’ਤੇ ਨਾ ਪਵੇ, ਇਸ ਲਈ ਪੁਲਿਸ ਵਲੋਂ ਵੱਡੇ ਇੰਤਜ਼ਾਮ ਕੀਤੇ ਗਏ ਹਨ। ਜਿੱਥੇ ਖੁਫੀਆ ਤੰਤਰ ਨੇ ਮਜ਼ਬੂਤ ਹੋ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਉਥੇ ਅੰਤਰਰਾਜੀ ਨਾਕਿਆਂ ’ਤੇ ਚੈਕਿੰਗ, ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀਆਂ, ਲੇਡੀ ਪੁਲਿਸ ਦੀ ਨਿਯੁਕਤੀ, ਧਾਰਮਿਕ ਅਸਥਾਨਾਂ, ਡੇਰਿਆਂ, ਸੰਸਥਾਵਾਂ ਦੇ ਮੁਖੀਆਂ ਨਾਲ ਰਾਬਤਾ ਰੱਖ ਕੇ ਸਮੁੱਚੇ ਪ੍ਰਬੰਧਾਂ ਦੀ ਦੇਖ ਰੇਖ ਕੀਤੀ ਜਾ ਰਹੀ ਹੈ।
ਨਗਰ ਕੌਂਸਲ ਸੰਗਤਾਂ ਦੀ ਸੇਵਾ ਲਈ 24 ਘੰਟੇ ਹਾਜ਼ਰ : ਜੀਤਾ
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਕਿਹਾ ਕਿ ਗੁਰੂ ਨਗਰੀ ਦੀ ਨਗਰ ਕੌਂਸਲ ਸੰਗਤਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹੈ। ਉਨ੍ਹਾਂ ਕਿਹਾ ਜਿੱਥੇ ਹਰ ਸਾਲ ਹੋਲੇ ਮਹੱਲੇ ਮੋਕੇ ਸੰਗਤਾਂ ਲਈ ਸੁਚੱਜੇ ਪ੍ਰਬੰਧ ਕੀਤੇ ਜਾਂਦੇ ਹਨ, ਉਥੇ ਇਸ ਵਾਰ ਵੀ ਕੌਂਸਲ ਦੇ ਸਮੂਹ ਅਧਿਕਾਰੀ, ਸਫਾਈ ਸੇਵਕ ਤੇ ਸਮੁੱਚਾ ਸਟਾਫ ਸੰਗਤਾਂ ਦੀ ਸੇਵਾ ਲਈ ਦਿਨ ਰਾਤ ਇਕ ਕਰਕੇ ਸੇਵਾ ਨਿਭਾ ਰਿਹਾ ਹੈ।



