Punjab

ਦੁਕਾਨ ‘ਚ ਵੜ ਕੇ ਔਰਤ ਨੂੰ ਕੀਤਾ ਹਿਪਨੋਟਾਈਜ਼, ਲੱਖਾਂ ਦਾ ਸੋਨਾ ਚੋਰੀ; CCTV ‘ਚ ਘਟਨਾ ਹੋਈ ਕੈਦ

ਮੋਗਾ, 21 ਅਪ੍ਰੈਲ-ਸਥਾਨਕ ਸ਼ਹਿਰ ਦੇ ਆਰੀਆ ਸਕੂਲ ਰੋਡ ਤੋਂ ਐਤਵਾਰ ਦੁਪਹਿਰ ਨੂੰ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੁਪਹਿਰ ਕਰੀਬ 2:30 ਵਜੇ ਇੱਕ ਕਾਸਮੈਟਿਕ ਦੁਕਾਨ ਵਿੱਚ ਇਕੱਲੀ ਬੈਠੀ ਇੱਕ ਔਰਤ ਨੂੰ ਹਿਪਨੋਟਾਈਜ਼ ਕਰਕੇ ਲੁਟੇਰਿਆਂ ਨੇ ਕੁਝ ਮਿੰਟਾਂ ਵਿੱਚ ਲੱਖਾਂ ਰੁਪਏ ਦੀਆਂ ਤਿੰਨ ਸੋਨੇ ਦੀਆਂ ਮੁੰਦਰੀਆਂ ਚੋਰੀ ਕਰ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਮੌਕੇ ਪੀੜਤ ਦੇ ਪੁੱਤਰ ਅਜੇ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਮਾਂ ਨੀਲਮ ਨੂੰ ਦੁਕਾਨ ‘ਤੇ ਛੱਡ ਕੇ ਘਰ ਖਾਣਾ ਖਾਣ ਗਿਆ ਸੀ। ਇਸ ਦੌਰਾਨ ਤਿੰਨ ਲੋਕ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ, ਮੋਟਰਸਾਈਕਲ ‘ਤੇ ਆਏ ਅਤੇ ਦੁਕਾਨ ਵਿੱਚ ਦਾਖਲ ਹੋਏ। ਅੰਦਰ ਆਉਂਦੇ ਹੀ ਉਸ ਨੇ ਮੋਗਾ ਦੇ ਰਾਧਾਸਵਾਮੀ ਡੇਰੇ ਬਾਰੇ ਪੁੱਛਗਿੱਛ ਕੀਤੀ। ਫਿਰ ਗੱਲਾਂ ਹੀ ਗੱਲਾਂ ਉਨ੍ਹਾਂ ਨੇ ਔਰਤ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਉਸ ਦੇ ਪਰਿਵਾਰ ‘ਤੇ ਕੋਈ ਬੁਰਾ ਸਮਾਂ ਆਉਣ ਵਾਲਾ ਹੈ।ਲੁਟੇਰਿਆਂ ਨੇ ਕਥਿਤ ਤੌਰ ‘ਤੇ ਔਰਤ ਨੂੰ ਹਿਪਨੋਟਾਈਜ਼ ਕੀਤਾ ਅਤੇ ਉਸ ਨੂੰ ਤਿੰਨ ਸੋਨੇ ਦੀਆਂ ਮੁੰਦਰੀਆਂ ਇੱਕ ਚਿੱਟੇ ਕੱਪੜੇ ਵਿੱਚ ਬੰਨ੍ਹਣ ਲਈ ਕਿਹਾ। ਕੱਪੜੇ ਦੀ ਅਦਲਾ-ਬਦਲੀ ਕਰਕੇ ਉਨ੍ਹਾਂ ਨੂੰ ਅਸਲੀ ਅੰਗੂਠੀਆਂ ਦੀ ਥਾਂ ਹਰਾ ਘਾਹ ਬੰਨ੍ਹ ਕੇ ਦੇ ਦਿੱਤਾ ਅਤੇ ਮੌਕੇ ਤੋਂ ਭੱਜ ਗਏ। ਜਦੋਂ ਔਰਤ ਨੂੰ ਹੋਸ਼ ਆਇਆ ਅਤੇ ਉਸ ਨੇ ਕੱਪੜਾ ਖੋਲ੍ਹਿਆ ਤਾਂ ਉਹ ਅੰਦਰ ਸੋਨੇ ਦੀ ਬਜਾਏ ਘਾਹ ਦੇਖ ਕੇ ਹੈਰਾਨ ਰਹਿ ਗਈ। ਇਸ ਮੌਕੇ ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਪੀੜਤ ਪੱਖ ਦਾ ਕਹਿਣਾ ਹੈ ਕਿ ਇਸ ਘਟਨਾ ਵਿਚ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਜਾਂਚ ਅਧਿਕਾਰੀ ਏਐਸ ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸ਼ਿਕਾਇਤ ਮਿਲਣ ‘ਤੇ ਮੌਕੇ ‘ਤੇ ਜਾ ਕੇ ਸੀਸੀਟੀਵੀ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button