Punjab

ਦਿੱਲੀ ਤੋਂ ਪਹੁੰਚੀ ਬਾਈਕਰਸ ਰੈਲੀ ਨੂੰ ਹਰੀ ਝੰਡੀ ਦੇ ਕੇ ਜੀਓਸੀ ਨੇ ਕੀਤਾ ਰਵਾਨਾ

ਬਾਈਕਰਾਂ ਨੇ ਫਿਰੋਜ਼ਪੁਰ ਕਿਲ੍ਹਾ, ਐਂਗਲੋ ਸਿੱਖ ਵਾਰ ਮੈਮੋਰੀਅਲ, ਮੁੱਦਕੀ ਮੈਮੋਰੀਅਲ ਅਤੇ ਹੋਰ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕੀਤਾ

ਫ਼ਿਰੋਜ਼ਪੁਰ, 21 ਮਾਰਚ (ਬਾਲ ਕਿਸ਼ਨ)– ਸਰਹੱਦੀ ਜ਼ਿਲਿ੍ਹਆਂ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਪਹੁੰਚੀ ਬਾਈਕ ਰੈਲੀ ਨੂੰ ਰਸਮੀ ਤੌਰ ’ਤੇ ਜ਼ਿਲ੍ਹੇ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਰੈਲੀ ਨੂੰ ਫਿਰੋਜ਼ਪੁਰ ਕਿਲ੍ਹੇ ਤੋਂ ਜੀਓਸੀ ਰਣਜੀਤ ਸਿੰਘ ਮਨਰਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਦੋਂ ਕਿ ਉਨ੍ਹਾਂ ਦੇ ਨਾਲ ਡਿਪਟੀ ਜੀਓਸੀ ਬਿ੍ਰਗੇਡੀਅਰ ਬਿਕਰਮ ਸਿੰਘ, ਇੰਟਾਚ ਫਿਰੋਜ਼ਪੁਰ ਚੈਪਟਰ ਕਨਵੀਨਰ ਡਾ. ਅਨਿਰੁਧ ਗੁਪਤਾ, ਜ਼ਿਲ੍ਹਾ ਸੈਸ਼ਨ ਜੱਜ ਵੀਰੇਂਦਰ ਅਗਰਵਾਲ, ਛਾਉਣੀ ਬੋਰਡ ਦੇ ਸੀਈਓ ਜੌਨ ਵਿਕਾਸ ਅਤੇ ਹੋਰ ਅਧਿਕਾਰੀ ਮੌਜ਼ੂਦ ਸਨ। ਫਿਰੋਜ਼ਪੁਰ ਕਿਲ੍ਹੇ ਦਾ ਦੌਰਾ ਕਰਨ ਤੋਂ ਇਲਾਵਾ, ਬਾਈਕ ਰੈਲੀ ਨੇ ਬਰਕੀ ਮੈਮੋਰੀਅਲ, ਫਿਰੋਜ਼ਸ਼ਾਹ ਵਿਖੇ ਐਂਗਲੋ ਸਿੱਖ ਵਾਰ ਮੈਮੋਰੀਅਲ, ਫਿਰੋਜ਼ਸ਼ਾਹ ਮੈਮੋਰੀਅਲ, ਮੁੱਦਕੀ ਮੈਮੋਰੀਅਲ ਦਾ ਵੀ ਦੌਰਾ ਕੀਤਾ। ਬਾਈਕਰਾਂ ਦੇ ਨਾਲ, ਫਿਰੋਜ਼ਪੁਰ ਫੌਜ਼ ਦੇ ਫੌਜ਼ੀ ਅਧਿਕਾਰੀਆਂ ਅਤੇ ਜਵਾਨਾਂ ਨੇ ਵੀ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਬਾਈਕਰਾਂ ਨੂੰ ਫਿਰੋਜ਼ਪੁਰ ਕਿਲ੍ਹੇ ਦੇ ਇਤਿਹਾਸ ਬਾਰੇ ਦੱਸਿਆ ਗਿਆ। ਜੀਓਸੀ ਰਣਜੀਤ ਮਨਰਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇੰਟਾਚ ਫਿਰੋਜ਼ਪੁਰ ਚੈਪਟਰ ਦੇ ਕਨਵੀਨਰ ਡਾ. ਅਨਿਰੁਧ ਗੁਪਤਾ ਨੇ ਕਿਹਾ ਕਿ ਫਿਰੋਜ਼ਪੁਰ ਵਿੱਚ ਸੈਰ-ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਜੇਕਰ ਭਵਿੱਖ ਵਿੱਚ ਅਜਿਹੀਆਂ ਬਾਈਕ ਰੈਲੀਆਂ ਦਾ ਆਯੋਜਨ ਕੀਤਾ ਜਾਂਦਾ ਹੈ, ਤਾਂ ਇੱਥੇ ਸੈਲਾਨੀਆਂ ਦੀ ਗਿਣਤੀ ਵਧਣ ਦੇ ਨਾਲ-ਨਾਲ ਇਹ ਜ਼ਿਲ੍ਹੇ ਦੇ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆਰਮੀ ਟੂਰਿਜ਼ਮ, ਫਾਰਮ ਟੂਰਿਜ਼ਮ, ਰੂਰਲ ਟੂਰਿਜ਼ਮ, ਹੈਰੀਟੇਜ ਟੂਰਿਜ਼ਮ, ਬਾਰਡਰ ਟੂਰਿਜ਼ਮ ਤਹਿਤ ਬਹੁਤ ਸਾਰਾ ਕੰਮ ਕੀਤਾ ਜਾਵੇਗਾ। ਡਾ. ਗੁਪਤਾ ਨੇ ਕਿਹਾ ਕਿ ਲੋਕ ਪੇਂਡੂ ਸੈਰ-ਸਪਾਟੇ ਵਿੱਚ ਸਰਕਾਰੀ ਯੋਜਨਾਵਾਂ ਦਾ ਲਾਭ ਉਠਾ ਕੇ ਪੇਂਡੂ ਸੈਰ-ਸਪਾਟੇ ਨੂੰ ਬਹੁਤ ਅੱਗੇ ਲੈ ਜਾ ਸਕਦੇ ਹਨ। ਇਤਿਹਾਸਕਾਰ ਡਾ. ਅਨਿਰੁਧ ਗੁਪਤਾ ਨੇ ਕਿਹਾ ਕਿ ਭਾਵੇਂ ਫਿਰੋਜ਼ਪੁਰ ਉਦਯੋਗਿਕ ਤੌਰ ’ਤੇ ਪਛੜਿਆ ਹੋਇਆ ਹੈ, ਪਰ ਇਤਿਹਾਸਕ ਸਥਾਨਾਂ ਦੇ ਮਾਮਲੇ ਵਿੱਚ ਇਸ ਜ਼ਿਲ੍ਹੇ ਦੀ ਅਮੀਰ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ ਹੁਸੈਨੀਵਾਲਾ ’ਤੇ, ਹਜ਼ਾਰਾਂ ਲੋਕ ਰੋਜ਼ਾਨਾ ਪਰੇਡ ਦੇਖਣ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਜਲਦੀ ਹੀ ਇੱਕ ਟੂਰਿਸਟ ਗਾਈਡ ਕੋਰਸ ਵੀ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਇੱਥੋਂ ਦੇ ਇਤਿਹਾਸਕ ਸਥਾਨਾਂ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਫਿਰੋਜ਼ਪੁਰ ਵਿੱਚ ਸੈਰ-ਸਪਾਟਾ ਵਿਕਸਤ ਹੁੰਦਾ ਹੈ ਤਾਂ ਇੱਥੇ ਹੋਟਲ, ਰੈਸਟੋਰੈਂਟ, ਢਾਬੇ, ਗਿਫਟ ਸ਼ਾਪ ਆਦਿ ਵਰਗੇ ਵਪਾਰਕ ਮੌਕੇ ਵਿਕਸਤ ਹੋਣਗੇ।

Related Articles

Leave a Reply

Your email address will not be published. Required fields are marked *

Back to top button