
ਬਠਿੰਡਾ, 28 ਜੂਨ : ਦਾਜ ਦਹੇਜ ਲਿਆਉਣ ਲਈ ਤੰਗ ਪਰੇਸ਼ਾਨ ਕੀਤੇ ਜਾਣ ਤੋਂ ਦੁਖੀ ਵਿਆਹੁਤਾ ਔਰਤ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਇਸ ਮਾਮਲੇ ਵਿੱਚ ਵਿਆਹੁਤਾ ਔਰਤ ਦੇ ਪਤੀ ਤੇ ਉਸ ਦੇ ਦੋ ਭਰਾਵਾਂ ਖਿਲਾਫ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਰਾਮਾ ਮੰਡੀ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਮਲਕੀਤ ਕੌਰ ਵਾਸੀ ਕਿਸਾਨ ਕਲੋਨੀ ਬਠਿੰਡਾ ਨੇ ਦੱਸਿਆ ਕਿ ਉਸ ਦੀ ਲੜਕੀ ਸ਼ਿੰਦਰਪਾਲ ਕੌਰ ਉਰਫ ਪਾਲੋ 43 ਸਾਲ ਦਾ ਵਿਆਹ ਦਰਸ਼ਨ ਸਿੰਘ ਵਾਸੀ ਪਿੰਡ ਤਰਖਾਣ ਵਾਲਾ ਨਾਲ ਹੋਇਆ ਸੀ। ਪੀੜਤ ਨੇ ਦੱਸਿਆ ਕਿ ਉਸ ਦਾ ਪਤੀ ਤੇ ਹੋਰ ਪਰਿਵਾਰਕ ਮੈਂਬਰ ਉਸਦੀ ਲੜਕੀ ਸ਼ਿੰਦਰ ਕੌਰ ਨੂੰ ਹੋਰ ਦਾਜ ਦੇ ਵਿੱਚ ਲਿਆਉਣ ਲਈ ਤੰਗ ਪਰੇਸ਼ਾਨ ਕਰਦੇ ਆ ਰਹੇ ਸਨ, ਜਿਸ ਤੋਂ ਦੁਖੀ ਹੋ ਕੇ ਉਸ ਦੀ ਲੜਕੀ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਰਾਮਾ ਮੰਡੀ ਦੇ ਇੰਸਪੈਕਟਰ ਹਰਵੰਤ ਸਿੰਘ ਨੇ ਦੱਸਿਆ ਕਿ ਪੀੜਿਤ ਮਲਕੀਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਮ੍ਰਿਤਕ ਔਰਤ ਦੇ ਪਤੀ ਦਰਸ਼ਨ ਸਿੰਘ ਉਸ ਦੇ ਦਿਓਰ ਗੁੱਗੂ ਸਿੰਘ ਅਤੇ ਲਛਮਣ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਪਰ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।



