
ਜਲੰਧਰ, 1 ਅਕਤੂਬਰ : ਲੁਟੇਰਿਆਂ ਦੇ ਹੌਸਲੇ ਇਸ ਸਮੇਂ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਦਿਨ ਦਿਹਾੜੇ ਹੀ ਉਹ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਚੋਰਾਂ ਨੂੰ ਇਸ ਗੱਲ ਦੀ ਕੋਈ ਵੀ ਪਰਵਾਹ ਨਹੀਂ ਕੀ ਉਹ ਜਿਸ ਥਾਂ ’ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ ਉਥੇ ਫੜੇ ਜਾਣ ’ਤੇ ਉਨ੍ਹਾਂ ਦਾ ਕੀ ਹਸ਼ਰ ਹੋਵੇਗਾ। ਫਿਰ ਵੀ ਲੁਟੇਰੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਦੁਕਾਨਦਾਰਾਂ ਨੂੰ ਲੁੱਟ ਰਹੇ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ’ਚ ਡਰ ਦਾ ਮਾਹੌਲ ਪਾਇਆ ਜਾ ਰਿਹਾ। ਅਜਿਹੀ ਹੀ ਇਕ ਲੁੱਟ ਦੀ ਘਟਨਾ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਉਸ ਵੇਲੇ ਵਾਪਰੀ ਜਦ ਲੱਧੇਵਾਲੀ ’ਚ ਸਥਿਤ ਇਕ ਦਵਾਈਆਂ ਦੀ ਦੁਕਾਨ ’ਤੇ ਤਿੰਨ ਲੁਟੇਰਿਆਂ ਨੇ ਧਾਵਾ ਬੋਲ ਕੇ ਪਹਿਲਾਂ ਤਾਂ ਦੁਕਾਨਦਾਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਤਰਾਂ ਦੁਕਾਨਦਾਰ ਵੱਲੋਂ ਆਪਣਾ ਬਚਾਅ ਕਰ ਲਿਆ ਗਿਆ ਤਾਂ ਲੁਟੇਰੇ ਦੁਕਾਨ ’ਚੋਂ ਹਜ਼ਾਰਾਂ ਰੁਪਏ ਦੀ ਨਗਦੀ ਕੱਢ ਕੇ ਫਰਾਰ ਹੋ ਗਏ। ਜਦੋਂ ਦੁਕਾਨਦਾਰ ਵੱਲੋਂ ਰੌਲਾ ਪਾਇਆ ਗਿਆ ਤਾਂ ਲੋਕਾਂ ਨੇ ਭੱਜਦੇ ਹੋਏ ਇਕ ਲੁਟੇਰੇ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਥਾਣਾ ਰਾਮਾ ਮੰਡੀ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਉਕਤ ਸਾਰੀ ਘਟਨਾ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨਾ ਮੈਡੀਵਰਲਡ ਲੱਧੇਵਾਲੀ ਦੇ ਮਾਲਕ ਬਲਵਿੰਦਰ ਪਾਲ ਨੇ ਦੱਸਿਆ ਕਿ ਸੋਮਵਾਰ ਸ਼ਾਮ ਸਾਢੇ 6 ਵਜੇ ਦੇ ਕਰੀਬ ਉਹ ਆਪਣੀ ਦੁਕਾਨ ’ਤੇ ਬੈਠਾ ਸੀ। ਇਸ ਦੌਰਾਨ ਤਿੰਨ ਨੌਜਵਾਨ ਉਸ ਦੀ ਦੁਕਾਨ ਦੇ ਬਾਹਰ ਆ ਕੇ ਰੁਕੇ ਜਿਨ੍ਹਾਂ ’ਚੋਂ ਦੋ ਨੌਜਵਾਨਾਂ ਦੇ ਹੱਥਾਂ ’ਚ ਗੰਡਾਸੀ ਤੇ ਇਕ ਹੋਰ ਤੇਜ਼ਧਾਰ ਹਥਿਆਰ ਸੀ, ਅੰਦਰ ਆਏ। ਆਉਂਦੇ ਹੀ ਉਸ ਉੱਪਰ ਗੰਡਾਸੀ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹ ਕਿਸੇ ਤਰ੍ਹਾਂ ਆਪਣੇ-ਆਪ ਨੂੰ ਬਚਾਉਂਦੇ ਹੋਏ ਪਿੱਛੇ ਹਟ ਗਿਆ। ਇਸ ਤੋਂ ਬਾਅਦ ਦਹਿਸ਼ਤ ਫੈਲਾਉਂਦੇ ਹੋਏ ਦੋਵਾਂ ਨੌਜਵਾਨਾਂ ਨੇ ਉਸ ਦੇ ਗੱਲੇ ’ਚ ਪਈ ਹਜ਼ਾਰਾਂ ਰੁਪਏ ਦੀ ਨਕਦੀ ਤੇ ਉਸ ਦਾ ਮੋਬਾਈਲ ਚੁੱਕ ਲਿਆ ਤੇ ਹਥਿਆਰ ਲਹਿਰਾਉਂਦੇ ਹੋਏ ਬਾਹਰ ਖੜ੍ਹੇ ਸਾਥੀ ਨਾਲ ਫਰਾਰ ਹੋਣ ਲੱਗੇ। ਉਨ੍ਹਾਂ ਦੇ ਬਾਹਰ ਨਿਕਲਣ ’ਤੇ ਉਨ੍ਹਾਂ ਰੌਲਾ ਪਾ ਦਿੱਤਾ। ਜਿਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਲੁਟੇਰਿਆਂ ’ਚੋਂ ਇਕ ਨੌਜਵਾਨ ਨੂੰ ਦਬੋਚ ਲਿਆ ਜਦ ਕਿ ਦੋ ਲੁਟੇਰੇ ਉੱਥੋਂ ਭੱਜਣ ’ਚ ਕਾਮਯਾਬ ਹੋ ਗਏ। ਲੋਕਾਂ ਵੱਲੋਂ ਕਾਬੂ ਕੀਤੇ ਗਏ ਲੁਟੇਰੇ ਦੀ ਛਿੱਤਰ ਪਰੇਡ ਕਰਨ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਰਾਮਾ ਮੰਡੀ ਦੀ ਪੁਲਿਸ ਨੂੰ ਦਿੱਤੀ ਗਈ ਤਾਂ ਮੌਕੇ ’ਤੇ ਪੁੱਜੀ ਪੁਲਿਸ ਨੇ ਲੁਟੇਰੇ ਨੂੰ ਹਿਰਾਸਤ ’ਚ ਲੈ ਲਿਆ। ਭੱਜਦੇ ਹੋਏ ਲੁਟੇਰਿਆਂ ਨੇ ਦੁਕਾਨਦਾਰ ਦਾ ਮੋਬਾਈਲ ਵੀ ਉੱਥੇ ਸੁੱਟ ਦਿੱਤਾ ਜੋ ਕਿ ਦੁਕਾਨਦਾਰ ਨੂੰ ਮਿਲ ਗਿਆ। ਪੁਲਿਸ ਵੱਲੋਂ ਕਾਬੂ ਕੀਤੇ ਗਏ ਲੁਟੇਰਿਆਂ ਦੇ ਸਾਥੀ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਜਿਨ੍ਹਾਂ ’ਚੋਂ ਇਕ ਲੁਟੇਰੇ ਦਾ ਤਾਂ ਉਸ ਨੌਜਵਾਨ ਨੂੰ ਪਤਾ ਹੈ ਜਦਕਿ ਦੂਜੇ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ। ਥਾਣਾ ਰਾਮਾ ਮੰਡੀ ਦੇ ਐੱਸਐੱਚਓ ਮਨਜਿੰਦਰ ਸਿੰਘ ਨੇ ਦੱਸਿਆ ਕਿ ਜਲਦ ਹੀ ਲੁਟੇਰੇ ਦੇ ਬਾਕੀ ਦੋਵੇਂ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫੜੇ ਗਏ ਲੁਟੇਰੇ ਕੋਲੋਂ ਡੂੰਘਾਈ ਨਾਲ ਪੁੱਛਗਿਛ ਕਰ ਕੇ ਲੁੱਟਾਂ ਖੋਹਾਂ ਦੀਆਂ ਹੋਰ ਵੀ ਵਾਰਦਾਤਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।



