ਤੜਕੇ ਸਵੇਰੇ ਪਟਿਆਲਾ ‘ਚ ਪੁੱਜੇ ਲੋਕਲ ਬਾਡੀ ਮੰਤਰੀ,ਕੁੜੇ ਦੇ ਢੇਰ ਦੇਖ ਹੋਏ ਹੈਰਾਨ; ਕਮਿਸ਼ਨਰ ਤੇ ਮੇਅਰ ਨੂੰ ਕੀਤੇ ਸਵਾਲ

ਪਟਿਆਲਾ, 23 ਜੁਲਾਈ : ਲੋਕਲ ਬਾਡੀ ਮੰਤਰੀ ਡਾਕਟਰ ਰਵਜੋਤ ਸਿੰਘ ਤੜਕ ਸਵੇਰੇ ਪਟਿਆਲਾ ਵਿੱਚ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਚਨਚੇਤ ਪੁੱਜੇ। ਸਨੌਰੀ ਅੱਡੇ ਨੇੜੇ ਨਵੀਂ ਸਬਜ਼ੀ ਮੰਡੀ ਕੋਲ ਲੱਗੇ ਕੂੜੇ ਦੇ ਢੇਰਾਂ ਨੂੰ ਦੇਖ ਕੇ ਮੰਤਰੀ ਨੇ ਹੈਰਾਨ ਹੁੰਦਿਆਂ ਕਿਹਾ ਕਿ ਪਟਿਆਲਾ ਦੇ ਹਾਲਾਤ ਹੋਣਗੇ ਇਹ ਉਮੀਦ ਨਹੀਂ ਸੀ। ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਇਸ ਜਗ੍ਹਾ ਤੋਂ ਰੋਜ਼ਾਨਾ ਕੂੜਾ ਨਾ ਚੁੱਕੇ ਜਾਣ ਕਾਰਨ ਤੇ ਸਾਰੀਆਂ ਸਮੱਸਿਆਵਾਂ ਬਾਰੇ ਮੰਤਰੀ ਡਾ.ਰਵਜੋਤ ਸਿੰਘ ਨੂੰ ਦੱਸਿਆ ਜਿਸ ‘ਤੇ ਕੈਬਨਿਟ ਮੰਤਰੀ ਵੱਲੋਂ ਕਮਿਸ਼ਨਰ ਅਤੇ ਮੇਅਰ ਨੂੰ ਅਜਿਹੇ ਸਥਿਤੀ ਬਾਰੇ ਸਪਸ਼ਟੀਕਰਨ ਦੇਣ ਲਈ ਕਿਹਾ। ਭਾਵੇਂ ਕਿ ਕਮਿਸ਼ਨਰ ਪਰਮਵੀਰ ਸਿੰਘ ਅਤੇ ਮੇਅਰ ਕੁੰਦਨ ਗੋਗੀਆ, ਕੈਬਨਿਟ ਮੰਤਰੀ ਨੂੰ ਵੱਖ-ਵੱਖ ਹਵਾਲੇ ਦਿੰਦਿਆਂ ਸ਼ਹਿਰ ਦੀ ਸਫਾਈ ਹੋਣ ਦੇ ਦਾਅਵੇ ਕਰਦੇ ਰਹੇ ਪਰ ਮੰਤਰੀ ਨੇ ਕਿਹਾ ਕਿ ਕੂੜੇ ਦੇ ਲੱਗੇ ਢੇਰ ਸਫਾਈ ਪ੍ਰਬੰਧਾਂ ਨੂੰ ਸਪਸ਼ਟ ਕਰ ਰਹੇ ਹਨ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਰਬ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ। ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਪ੍ਰਬੰਧਾਂ ਦੇ ਅਜਿਹੇ ਹਾਲਾਤ ਹੋਣਾ ਨਿਰਾਸ਼ਾਜਨਕ ਹੈ। ਇਸ ਸਮੱਸਿਆ ਦਾ ਤੁਰੰਤ ਅਤੇ ਸਥਾਈ ਹੱਲ ਹੋਣਾ ਚਾਹੀਦਾ ਹੈ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਕੂੜੇ ਤੋਂ ਨਿਜਾਤ ਮਿਲ ਸਕੇ। ਮੌਕੇ ‘ਤੇ ਮੌਜੂਦ ਲੋਕਾਂ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਕਰਮਚਾਰੀਆਂ ਵੱਲੋਂ ਕੂੜਾ ਮਨ ਮਰਜ਼ੀ ਨਾਲ ਹੀ ਚੁੱਕਿਆ ਜਾਂਦਾ ਹੈ ਜ਼ਿਆਦਾਤਰ ਦਿਨ ਕੂੜੇ ਦੇ ਢੇਰ ਲੱਗੇ ਰਹਿਣ ਕਰਕੇ ਇਲਾਕੇ ਵਿੱਚ ਮੁਸ਼ਕ ਫੈਲੀ ਰਹਿੰਦੀ ਹੈ। ਜਿਸ ਕਰਕੇ ਇੱਥੇ ਰਹਿਣਾ ਵੀ ਔਖਾ ਹੋ ਗਿਆ ਹੈ। ਕੈਬਨਟ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝ ਰਹੇ ਹਨ ਅਤੇ ਇਸ ਦਾ ਹੱਲ ਗੰਭੀਰਤਾ ਨਾਲ ਕੀਤਾ ਜਾਵੇਗਾ। ਦੱਸਣਾ ਬਣਦਾ ਹੈ ਕਿ ਸਾਫ ਸਫਾਈ ਦੇ ਮਾੜੇ ਪ੍ਰਬੰਧਾ ਕਰਕੇ ਸਵੱਛਤਾ ਸਰਵੇਖਣ ਵਿੱਚ ਇਸ ਵਾਰ ਪਟਿਆਲਾ ਪੰਜਾਬ ਵਿੱਚੋਂ 82ਵੇਂ ਸਥਾਨ ‘ਤੇ ਰਿਹਾ ਹੈ। ਜਿਸ ਕਰਕੇ ਨਗਰ ਨਿਗਮ ਅਤੇ ਸਰਕਾਰ ਦੀ ਕਾਫੀ ਕਿਰਕਰੀ ਹੋਈ ਹੈ। ਇਸ ਦੇ ਮੱਦੇ ਨਜ਼ਰ ਹੀ ਕੈਬਨਿਟ ਮੰਤਰੀ ਨੂੰ ਖੁਦ ਪਟਿਆਲਾ ਪੁੱਜ ਕੇ ਸਫਾਈ ਪ੍ਰਬੰਧ ਦਾ ਜ਼ਾਇਜਾ ਲੈਣਾ ਪਿਆ ਹੈ।



