
ਭਵਾਨੀਗੜ੍ਹ, 8 ਸਤੰਬਰ : ਸਬ ਡਵੀਜ਼ਨ ਭਵਾਨੀਗੜ੍ਹ ਦੇ ਨੇੜਲੇ ਪਿੰਡ ਮੁਨਸ਼ੀਵਾਲਾ ਵਿਖੇ ਮੰਗਲਵਾਰ ਸਵੇਰੇ ਪਿੰਡ ਦੇ ਹੀ ਖੇਡ ਸਟੇਡੀਅਮ ‘ਚ ਇੱਕ ਨੌਜਵਾਨ ਦੀ ਲਾਸ਼ ਲਟਕਦੀ ਮਿਲਣ ‘ਤੇ ਪਿੰਡ ਵਿਚ ਸਨਸਨੀ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਦੇ ਹੋਏ ਜਾਂਚ ਵਿਚ ਜੁੱਟ ਗਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਕਾਲਾਝਾੜ ਦੇ ਇੰਚਾਰਜ ਸੁਖਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਮੁਨਸ਼ੀਵਾਲਾ ਦੇ ਖੇਡ ਸਟੇਡੀਅਮ ਵਿਚ ਇੱਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪਿੰਡ ਦੇ ਲੋਕਾਂ ਦੀ ਮੌਜੂਦਗੀ ‘ਚ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਮ੍ਰਿਤਕ ਦੀ ਪਛਾਣ 23 ਸਾਲਾ ਗੁਰਜੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਮੁਨਸ਼ੀਵਾਲਾ ਵਜੋਂ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਗਰੀਬ ਪਰਿਵਾਰ ਨਾਲ ਸਬੰਧਤ ਗੁਰਜੀਤ ਸਿੰਘ ਪ੍ਰਾਈਵੇਟ ਤੌਰ ‘ਤੇ ਮਸ਼ੀਨਾਂ ਰਿਪੇਅਰ ਦਾ ਕੰਮ ਕਰਦਾ ਸੀ ਜਦੋਂ ਕਿ ਉਸ ਦਾ ਪਿਤਾ ਮਜ਼ਦੂਰੀ ਦਾ ਕੰਮ ਕਰਦਾ ਹੈ। ਫਿਲਹਾਲ ਪੁਲਸ ਨੇ ਗੁਰਜੀਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਚੌਕੀ ਇੰਚਾਰਜ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ‘ਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਵੱਲੋਂ ਕਾਰਵਾਈ ਕੀਤੀ ਜਾਵੇਗੀ।



