
ਮੋਗਾ, 27 ਅਗਸਤ : ਬਰਨਾਲਾ ਰਾਸਟਰੀ ਰਾਜ ਮਾਰਗ 703। ਹਰਦੀਪ ਧੰਮੀ ਨੰਗਲ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਕੱਲ੍ਹ ਤੋਂ ਲਗਾਤਾਰ ਪੈ ਰਹੀ ਤੇਜ਼ ਬਾਰਿਸ਼ ਕਾਰਨ ਮੋਗਾ-ਬਰਨਾਲਾ ਰਾਸ਼ਟਰੀ ਰਾਜ ਮਾਰਗ 703 ਪਿੰਡ ਮਾਛੀਕੇ ਵਿਖੇ ਧੱਸ ਗਿਆ ਹੈ। ਟੋਲ ਵਾਲੇ ਇਸ ਰਾਸ਼ਟਰੀ ਮਾਰਗ ਤੇ ਦਿਨ-ਰਾਤ ਰੋਜਾਨਾ ਹਜ਼ਾਰਾਂ ਵਹੀਕਲ ਗੁਜ਼ਰਦੇ ਹਨ, ਜੋ ਕਿ ਬਹੁਤ ਹੀ ਤੇਜ਼ ਰਫਤਾਰ ਨਾਲ ਜਾਂਦੇ ਹਨ, ਜਿਸ ਕਾਰਨ ਇਸ ਧੱਸ ਚੁੱਕੇ ਰਾਸ਼ਟਰੀ ਮਾਰਗ ’ਤੇ ਕਿਸੇ ਵੀ ਸਮੇਂ ਭਿਆਨਕ ਹਾਦਸਾ ਵਾਪਰ ਸਕਦਾ ਹੈ, ਕਿਉਂਕਿ ਇਸ ਜਗ੍ਹਾਂ ਤੇ ਪਹਿਲਾਂ ਵੀ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ, ਜਿਸ ਕਾਰਨ 10 ਦੇ ਕਰੀਬ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਜਿਕਰਯੋਗ ਹੈ ਕਿ ਮੋਗਾ-ਬਰਨਾਲਾ ਰਾਸ਼ਟਰੀ ਮਾਰਗ 703 ਜੋ ਕਿ ਕੁਝ ਸਾਲ ਪਹਿਲਾਂ ਹੀ ਬਣਾਇਆ ਗਿਆ ਹੈ, ਇਹ ਮਾਰਗ ਸੁਰੂ ਤੋਂ ਹੀ ਲਗਾਤਾਰ ਵਿਵਾਦਾਂ ਵਿਚ ਘਿਰਦਾ ਰਿਹਾ ਹੈ। ਜਿਸ ਜਗ੍ਹਾ ਤੇ ਇਹ ਰਾਸ਼ਟਰੀ ਮਾਰਗ ਧਸਿਆ ਹੈ ਉਸ ਜਗ੍ਹਾ ਤੇ ਇਸ ਰਾਸ਼ਟਰੀ ਮਾਰਗ ਦੀ ਗਲਤ ਉਸਾਰੀ ਅਤੇ ਪੁਲ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਵੱਲੋਂ ਲਗਾਤਾਰ ਇਕ ਸਾਲ ਦਿਨ ਰਾਤ ਦਾ ਧਰਨਾ ਲਗਾਇਆ ਗਿਆ ਸੀ। ਕਿਉਂਕਿ ਵਿਭਾਗ ਵੱਲੋਂ ਪਿੰਡ ਮਾਛੀਕੇ ਵਿਖੇ ਪੁੱਲ ਦੀ ਉਸਾਰੀ ਨਹੀਂ ਸੀ ਕੀਤੀ ਗਈ ਜਿਸ ਕਾਰਨ ਇਹ ਪਿੰਡ ਦੋ ਹਿੱਸਿਆਂ ’ਚ ਵੰਡਿਆ ਗਿਆ ਸੀ, ਕਿਉਂਕਿ ਇਹ ਰਾਸ਼ਟਰੀ ਮਾਰਗ ਪਿੰਡ ਮਾਛੀਕੇ ਤੋਂ ਛੇ ਸੱਤ ਫੁੱਟ ਉੱਚਾ ਬਣਾਇਆ ਗਿਆ ਸੀ। ਇੱਥੇ ਹੀ ਨਹੀਂ ਇਸ ਰਾਸ਼ਟਰੀ ਮਾਰਗ ਤੇ ਨਿਯਮਾ ਨੂੰ ਛਿੱਕੇ ਤੇ ਟੰਗ ਕੇ ਲੋਕਾਂ ਦੇ ਚੜਨ ਲਈ ਪੌੜੀਆਂ ਬਣਾਈਆਂ ਗਈਆਂ ਸਨ, ਜਿਸ ਕਾਰਨ ਤੇਜ ਰਫਤਾਰ ਵਹੀਕਲਾਂ ਦੀ ਲਪੇਟ ਵਿਚ ਆ ਕੇ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ। ਇਥੇ ਹੀ ਨਹੀਂ ਕੁਝ ਸਮਾਂ ਪਹਿਲਾ ਇਹ ਰਾਸਟਰੀ ਮਾਰਗ ਰਾਮਗੜ੍ਹ ਪਿੰਡ ਦੇ ਨਜ਼ਦੀਕ ਵੀ ਧਸ ਗਿਆਂ ਸੀ ਅਤੇ ਬੌਡਿਆਂ ਨਜਦੀਕ ਵੀ ਇਸ ਸੜਕ ਤੇ ਡੂਘੇ ਖੱਡੇ ਬਣ ਗਏ ਸਨ, ਜਿਸ ਕਾਰਨ ਇਹ ਮਾਰਗ ਕੁਝ ਸਮੇਂ ਬਾਅਦ ਸੁਰਖੀਆਂ ਵਿਚ ਰਹਿਦਾ ਹੈ। ਪਰ ਵਿਭਾਗ ਦੇ ਅਧਿਕਾਰੀਆਂ ਦੇ ਕਦੇ ਵੀ ਨੰਨ ਤੇ ਜੂਅ ਨਹੀ ਸਰਕੀ ਅਤੇ ਪ੍ਰਸ਼ਾਸਨ ਵੀ ਗੂੜੀ ਨੀਂਦ ਸੁੱਤਾ ਪਿਆ ਹੈ। ਵੱਖ-ਵੱਖ ਜਨਤਕ ਜਥੇਬੰਦੀਆਂ ਨੇ ਇਸ ਰਾਸ਼ਟਰੀ ਮਾਰਗ ਦੀ ਉਸਾਰੀ ਵਿਚ ਹੋਈਆਂ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।



