
ਲੁਧਿਆਣਾ, 11 ਜਨਵਰੀ : ਐਤਵਾਰ ਦੁਪਹਿਰ ਨੂੰ ਤਾਜਪੁਰ ਰੋਡ ਵਾਲੇ ਪੁੱਲ ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ। ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਇਨੀ ਬੁਰੀ ਤਰ੍ਹਾਂ ਕੁਚਲਿਆ ਕਿ ਉਸਦੀ ਥਾਂ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਟਾਟਾ ਕੰਪਨੀ ਦੇ ਮੁਲਾਜ਼ਮ ਅਰਜੁਨ 34 ਵਜੋਂ ਹੋਈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਛੁੱਟੀ ਹੋਣ ਕਾਰਨ ਅਰਜੁਨ ਆਪਣਾ ਮੋਟਰਸਾਈਕਲ ਠੀਕ ਕਰਵਾਉਣ ਲਈ ਤਾਜਪੁਰ ਰੋਡ ਤੋਂ ਸਮਰਾਲਾ ਚੌਂਕ ਵੱਲ ਜਾ ਰਿਹਾ ਸੀ। ਐਤਵਾਰ ਦੁਪਹਿਰ ਵੇਲੇ ਜਿਵੇਂ ਹੀ ਉਹ ਪੁੱਲ ਤੇ ਪਹੁੰਚਿਆ ਤਾਂ ਇੱਕ ਤੇਜ਼ ਰਫਤਾਰ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ। ਟਰੱਕ ਚਾਲਕ ਦੀ ਅਣਗਹਿਲੀ ਕਾਰਨ ਵਾਪਰੇ ਇਸ ਭਿਆਨਕ ਹਾਦਸੇ ਦੌਰਾਨ ਸਿਰ ਕੁਚਲੇ ਜਾਣ ਕਾਰਨ ਅਰਜੁਨ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਵਾਲੀ ਥਾਂ ਦੇ ਬਿਲਕੁਲ ਲਾਗੇ ਪੁਲਿਸ ਮੁਲਾਜ਼ਮ ਮੌਜੂਦ ਸਨ ਜਿਨ੍ਹਾਂ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।



