
ਲੁਧਿਆਣਾ, 27 ਜਨਵਰੀ– ਕੁਹਾੜਾ ਰੋਡ ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਦੌਰਾਨ ਚਾਰ ਸਾਲ ਦੇ ਮਾਸੂਮ ਦੀ ਮੌਤ ਹੋ ਗਈ । ਇਸ ਮਾਮਲੇ ਵਿੱਚ ਥਾਣਾ ਕੂਮਕਲਾਂ ਦੀ ਪੁਲਿਸ ਨੇ ਪਰਮ ਜੈਸਵਾਲ (4) ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪਿੰਡ ਭਾਗਪੁਰ ਦੇ ਰਹਿਣ ਵਾਲੇ ਮ੍ਰਿਤਕ ਦੇ ਪਿਤਾ ਸੰਦੀਪ ਜੈਸਵਾਲ ਦੀ ਸ਼ਿਕਾਇਤ ਤੇ ਅਣਪਛਾਤੇ ਕਾਰ ਚਾਲਕ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਥਾਣਾ ਕੂਮਕਲਾਂ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸੰਦੀਪ ਨੇ ਦੱਸਿਆ ਕਿ ਉਹ ਬੀਤੀ ਰਾਤ 8 ਵਜੇ ਦੇ ਕਰੀਬ ਆਪਣੀ ਪਤਨੀ ਅਤੇ ਬੱਚਿਆਂ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਮਾਛੀਵਾੜਾ ਤੋਂ ਕੁਹਾੜਾ ਵੱਲ ਜਾ ਰਿਹਾ ਸੀ। ਕੁਹਾੜਾ ਰੋਡ ਤੇ ਉਸਨੇ ਮੋਟਰਸਾਈਕਲ ਵਿੱਚ ਪੈਟਰੋਲ ਪਵਾਉਣ ਲਈ ਆਪਣੀ ਪਤਨੀ ਅਤੇ ਬੱਚਿਆਂ ਨੂੰ ਪੰਪ ਦੇ ਬਾਹਰ ਹੀ ਉਤਾਰ ਦਿੱਤਾ। ਇਸੇ ਦੌਰਾਨ ਉਸ ਦਾ ਚਾਰ ਸਾਲ ਦਾ ਬੇਟਾ ਪਰਮ ਜੈਸਵਾਲ ਆਪਣੀ ਮਾਂ ਦਾ ਹੱਥ ਛੁਡਵਾ ਕੇ ਥੋੜ੍ਹਾ ਜਿਹਾ ਅੱਗੇ ਚਲਾ ਗਿਆ । ਇਸੇ ਦੌਰਾਨ ਮਾਛੀਵਾੜਾ ਸਾਹਿਬ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਕਾਰ ਨੇ ਲੜਕੇ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ । ਹਾਦਸੇ ਤੋਂ ਬਾਅਦ ਚਾਲਕ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਬੱਚੇ ਦੇ ਮਾਤਾ ਪਿਤਾ ਅਤੇ ਆਲੇ ਦੁਆਲੇ ਦੇ ਲੋਕ ਦੌੜ ਕੇ ਮੌਕੇ ਤੇ ਪਹੁੰਚੇ । ਗੰਭੀਰ ਰੂਪ ਵਿੱਚ ਫੱਟੜ ਹੋਏ ਮਾਸੂਮ ਪਰਮ ਦੀ ਮੌਤ ਹੋ ਚੁੱਕੀ ਸੀ । ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਦੇ ਖਿਲਾਫ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।



