
ਲੁਧਿਆਣਾ, 10 ਜੂਨ : ਸੂਆ ਰੋਡ ਦੇ ਇੰਦਰਾ ਪਾਰਕ ਕੋਲ ਵਾਪਰੇ ਇੱਕ ਭਿਆਨਕ ਹਾਦਸੇ ਦੇ ਦੌਰਾਨ 7ਵੀਂ ਦੀ ਵਿਦਿਆਰਥਣ ਦੀ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ 10 ਸਾਲ ਦੀ ਬੱਚੀ ਹਸੀਨਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਸ਼ਾਂਤੀ ਨਗਰ ਗਿਆਸਪੁਰਾ ਵਾਸੀ ਜਮਾਲੂਦੀਨ ਨੇ ਦੱਸਿਆ ਕਿ ਉਹ ਫੋਕਲ ਪੁਆਇੰਟ ਦੀ ਇੱਕ ਫੈਕਟਰੀ ’ਚ ਮਜ਼ਦੂਰੀ ਕਰਦਾ ਹੈ। ਉਸ ਦੀ 10 ਸਾਲ ਦੀ ਲੜਕੀ ਹਸੀਨਾ ਲਾਗੇ ਦੇ ਹੀ ਇੱਕ ਸਕੂਲ ’ਚ 7ਵੀਂ ਦੀ ਵਿਦਿਆਰਥਣ ਸੀ। ਜਮਾਲੂਦੀਨ ਨੇ ਦੱਸਿਆ ਕਿ ਗੁਆਂਢ ’ਚ ਰਹਿਣ ਵਾਲਾ ਲੜਕਾ ਨਿਤਿਸ਼ ਉਨ੍ਹਾਂ ਦਾ ਪਰਿਵਾਰਕ ਮੈਂਬਰ ਹੈ ਤੇ ਅਕਸਰ ਉਹ ਬੱਚੀ ਨੂੰ ਘੁਮਾਉਣ ਲਈ ਪਾਰਕ ’ਚ ਲੈ ਜਾਂਦਾ ਸੀ। ਬੀਤੇ ਦਿਨ ਨੀਤੀਸ਼ ਉਨ੍ਹਾਂ ਦੀ ਬੇਟੀ ਹਸੀਨਾ ਤੇ ਗੁਆਂਢ ’ਚ ਰਹਿਣ ਵਾਲੀ ਲੜਕੀ ਹਸੀਨਾਂ ਨੂੰ ਘੁਮਾਉਣ ਲਈ ਲੈ ਕੇ ਗਿਆ। ਨਿਤੀਸ਼ ਦਾ ਮੋਟਰਸਾਈਕਲ ਜਿਵੇਂ ਹੀ ਇੰਦਰਾ ਪਾਰਕ ਦੇ ਲਾਗੇ ਪਹੁੰਚਿਆ ਤਾਂ ਇੱਕ ਤੇਜ਼ ਰਫਤਾਰ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਚਾਲਕ ਬੜੀ ਹੀ ਤੇਜ਼ ਰਫਤਾਰੀ ਤੇ ਲਾਪ੍ਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਹਾਦਸਾ ਇਸ ਕਦਰ ਭਿਆਨਕ ਸੀ ਕਿ ਲੜਕੀ ਦੇ ਉੱਪਰੋਂ ਗੱਡੀ ਨਿਕਲ ਗਈ। ਗੰਭੀਰ ਰੂਪ ’ਚ ਫੱਟੜ ਹੋਈ ਹਸੀਨਾਂ ਨੂੰ ਅਪੋਲੋ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਕੁਝ ਸਮੇਂ ਬਾਅਦ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਧਰ ਇਸ ਮਾਮਲੇ ’ਚ ਜਾਂਚ ਅਧਿਕਾਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਕਾਰ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।



