ਤਿੰਨ ਸਾਲ ਬਾਅਦ ਵੀ ਪਟਵਾਰੀ ਨਾ ਦੇ ਸਕੇ ਦਰਿਆ ’ਤੇ ਕਬਜ਼ਿਆਂ ਦੀ ਰਿਪੋਰਟ, ਡਿਪਟੀ ਕਮਿਸ਼ਨਰ ਨੇ ਦਿੱਤੇ ਜਾਂਚ ਦੇ ਆਦੇਸ਼

ਬਾਲ ਕਿਸ਼ਨ
ਫਿਰੋਜ਼ਪੁਰ, 28 ਜੂਨ : ਹਰੀਕੇ ਪੱਤਣ ਤੋਂ ਹੂਸੈਨੀਵਾਲਾ ਹੈੱਡ ਵਰਕਸ ਤੱਕ ਦਰਿਆ ਸਤਲੁਜ ਦੇ ਕਰੀਬ 47 ਕਿਲੋਮੀਟਰ ਦੇ ਇਲਾਕੇ ’ਚ ਨਾਜਾਇਜ਼ ਕਬਜ਼ਿਆਂ ਕਾਰਨ ਫਿਰੋਜ਼ਪੁਰ ਦੇ ਕਈ ਸਰਹੱਦੀ ਪਿੰਡ ਹਰੇਕ ਸਾਲ ਹੜ੍ਹਾਂ ਦੇ ਖ਼ਤਰੇ ਹੇਠ ਆ ਜਾਂਦੇ ਹਨ। ਪੰਜਾਬੀ ਜਾਗਰਣ ਵੱਲੋਂ ਤਿੰਨ ਸਾਲ ਪਹਿਲਾਂ ਇਸ ਬਾਰੇ ਵਿਸ਼ੇਸ਼ ਰਿਪੋਰਟ ਪ੍ਰਕਾਸ਼ਤ ਕੀਤੀ ਸੀ। ਮਾਮਲਾ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਤੱਕ ਪੁੱਜਾ। ਵੇਲੇ ਦੀ ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਪਟਵਾਰੀਆਂ ਤੋਂ ਰਿਪੋਰਟ ਵੀ ਤਲਬ ਕਰ ਲਈ ਸੀ ਪਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਇਰ ਰਿਪੋਰਟ ਪੇਸ਼ ਨਹੀਂ ਹੋ ਸਕੀ ਤੇ ਨਾ ਹੀ ਕਬਜ਼ੇ ਹਟਾਉਣ ਨੂੰ ਲੈਕੇ ਕੋਈ ਕਾਰਵਾਈ ਹੋਈ ਹੈ। ਇਸ ਲਈ ਲੱਗਦਾ ਹੈ ਕਿ ਸ਼ਾਸਨ-ਪ੍ਰਸ਼ਾਸਨ ਦੀ ਲਾਪਰਵਾਹੀ ਹੜ੍ਹਾਂ ਦਾ ਕਾਰਨ ਨਾ ਬਣ ਜਾਵੇ। ਦਰਿਆ ਸੱਤਲੁਜ ਦੇ ਇਸ 47 ਕਿਲੋਮੀਟਰ ਇਲਾਕੇ ’ਚ ਪਾਣੀ ਹੀ ਨਾ ਛੱਡੇ ਜਾਣ ਕਾਰਣ ਹੋ ਰਹੇ ਕਬਜ਼ਿਆਂ ਸਬੰਧੀ ‘ਪੰਜਾਬੀ ਜਾਗਰਣ’ ਵੱਲੋਂ ਕਰੀਬ ਤਿੰਨ ਸਾਲ ਪਹਿਲੋਂ ਕੀਤੇ ਗਏ ਖੁਲਾਸੇ ਮਗਰੋਂ ਭਾਵੇਂ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਪਹੁੰਚਿਆ ਹੋਇਆ ਹੈ, ਪਰ ਇਸ ਸਬੰਧੀ ਤੱਤਕਾਲੀ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਵੱਲੋਂ ਸਬੰਧਤ ਪਟਵਾਰੀਆਂ ਤੋਂ ਮੰਗੀ ਰਿਪੋਰਟ ਅਜੇ ਤੱਕ ਡਿਪਟੀ ਕਮਿਸ਼ਨਰ ਦਫਤਰ ਨਹੀਂ ਪਹੁੰਚੀ ਹੈ। ਇਸ ਸਬੰਧੀ ਮਾਮਲਾ ਧਿਆਣ ’ਚ ਲਿਆਂਦੇ ਜਾਣ ’ਤੇ ਮੌਜੂਦਾ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਨਹਿਰੀ ਮਹਿਕਮੇ ਦੇ ਐੱਸਈ ਦੀ ਅਗੁਵਾਈ ’ਚ ਇਕ ਜਾਂਚ ਟੀਮ ਦਾ ਗਠਨ ਕਰਕੇ 7 ਦਿਨਾਂ ਦੇ ’ਚ ਰਿਪੋਰਟ ਤਲਬ ਕੀਤੀ ਹੈ। ਜ਼ਿਕਰਯੋਗ ਹੈ ਕਿ ਦਰਿਆ ਸਤਲੁਜ ਤੇ ਬਿਆਸ ਦੇ ਸੰਗਮ ਹਰੀ ਕੇ ਪੱਤਣ ਤੋਂ ਲੈ ਕੇ ਫਿਰੋਜ਼ਪੁਰ ਦੇ ਹੂਸੈਨੀਵਾਲਾ ਹੈੱਡ ਵਰਕਸ ਤੱਕ ਦਰਿਆ ’ਚ ਆਮ ਦਿਨਾਂ ’ਚ ਪਾਣੀ ਨਹੀਂ ਛੱਡਿਆ ਜਾਂਦਾ। ਇਸ ਕਾਰਨ 47 ਕਿਲੋਮੀਟਰ ਦੇ ਇਸ ਦਰਿਆ ਦੀ ਜ਼ਮੀਨ ’ਤੇ ਕਿਸਾਨਾਂ ਨੇ ਕਬਜ਼ੇ ਕਰ ਲਏ ਹਨ। ਕਿਸਾਨਾਂ ਨੇ ਆਪਣੀ ਲੋੜ ਮੁਤਾਬਕ ਦਰਿਆ ’ਚ ਮਿੱਟੀ ਪਾ ਕੇ ਖੇਤ ਬਣਾ ਲਏ ਹਨ। ਇਸ ਨਾਲ ਬਰਸਾਤ ਦੇ ਦਿਨਾਂ ’ਚ ਜਦੋਂ ਹਰੀਕੇ ’ਚ ਪਾਣੀ ਜ਼ਿਆਦਾ ਹੋ ਜਾਂਦਾ ਹੈ ਤਾਂ ਦਰਿਆ ਦੇ ਇਲਾਕੇ ਮੁਤਾਬਕ ਪਾਣੀ ਛੱਡਿਆ ਜਾਂਦਾ ਹੈ ਪਰ ਦਰਿਆ ’ਚ ਰਸਤਾ ਨਾ ਮਿਲਣ ਕਾਰਨ ਪਾਣੀ ਸਰਹੱਦੀ ਪਿੰਡਾਂ ਵੱਲ ਹੜ੍ਹ ਦਾ ਕਾਰਨ ਬਣ ਜਾਂਦਾ ਹੈ। ਇਨ੍ਹਾਂ ਕਬਜ਼ਿਆਂ ਦਾ ਖੁਲਾਸਾ ਕਰਦਿਆਂ ਦਸੰਬਰ, 2022 ’ਚ ਪੰਜਾਬੀ ਜਾਗਰਣ ਨੇ ਵਿਸਥਾਰਤ ਰਿਪੋਰਟ ਪ੍ਰਕਾਸ਼ਤ ਕੀਤੀ ਸੀ। ਰਿਪੋਰਟ ਦਾ ਨੋਟਿਸ ਲੈਂਦਿਆਂ ਤੱਤਕਾਲੀ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ ਦਰਿਆਈ ਪਿੰਡਾਂ ਨਾਲ ਸਬੰਧਤ ਪਟਵਾਰੀਆਂ ਤੋਂ ਕਬਜ਼ਿਆਂ ਦੀ ਰਿਪੋਰਟ ਤਲਬ ਕੀਤੀ ਸੀ। ਤੈਅ ਸਮੇਂ ’ਚ ਪਟਵਾਰੀਆਂ ਨੇ ਕੋਈ ਜਵਾਬ ਨਹੀਂ ਦਿੱਤਾ ਸੀ। ਇਸੇ ਦੌਰਾਨ ਤੱਤਕਾਲੀ ਡਿਪਟੀ ਕਮਿਸ਼ਨਰ ਦਾ ਤਬਾਦਲਾ ਹੋ ਗਿਆ ਤੇ ਮਾਮਲਾ ਠੰਢੇ ਬਸਤੇ ’ਚ ਪੈ ਗਿਆ।



