
ਫਾਜ਼ਿਲਕਾ : 17 ਅਪ੍ਰੈਲ 2022 ਵਿਚ ਹਮਲੇ ਦੀ ਇਕ ਘਟਨਾ ਵਿਚ ਇਕ ਵਿਅਕਤੀ ਕਤਲ ਕਰ ਦਿੱਤਾ ਗਿਆ ਸੀ ਤੇ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਅਜੀਤਪਾਲ ਸਿੰਘ, ਵਧੀਕ ਸੈਸ਼ਨ ਜੱਜ ਫਾਜ਼ਿਲਕਾ ਦੀ ਅਦਾਲਤ ਨੇ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ ਜੁਰਮਾਨਾ ਵੀ ਲਗਾਇਆ ਹੈ। ਮਾਮਲੇ ਮੁਤਾਬਕ, ਸ਼ਿੰਦਾ ਸਿੰਘ ਚਿਕਨ ਸੈਂਟਰ ਚਲਾਉਂਦਾ ਸੀ, ਜਿੱਥੇ ਇਸ ਕੇਸ ਦੇ ਦੋਸ਼ੀ ਰਾਤ ਸਮੇਂ ਗਏ ਅਤੇ ਮੁਰਗਾ ਮੁਹੱਈਆ ਕਰਵਾਉਣ ਲਈ ਕਿਹਾ। ਸ਼ਿੰਦਾ ਸਿੰਘ ਉਦੋਂ ਚਿਕਨ ਸੈਂਟਰ ਬੰਦ ਕਰ ਰਿਹਾ ਸੀ, ਇਸ ਲਈ ਉਸ ਨੇ ਮੁਰਗਾ ਤੇ ਅੰਡੇ ਆਦਿ ਸਪਲਾਈ ਕਰਨ ਤੋਂ ਨਾਂਹ ਕਰ ਦਿੱਤੀ ਸੀ। ਦੋਸ਼ੀਆਂ ਨੇ ਗੁੱਸੇ ਵਿਚ ਆ ਕੇ ਸ਼ਿੰਦਾ ਸਿੰਘ, ਪਰਮਜੀਤ ਸਿੰਘ, ਜਸਪ੍ਰੀਤ ਸਿੰਘ, ਜਸਵਿੰਦਰ ਸਿੰਘ ਅਤੇ ਸਰੋਜ ਰਾਣੀ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪਰਮਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ (ਹਸਪਤਾਲ) ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਇਸ ਸੰਗੀਨ ਮਾਮਲੇ ਵਿਚ ਸੁਖਚੈਨ ਸਿੰਘ, ਬਲਜਿੰਦਰ ਸਿੰਘ, ਕਮਲਜੀਤ ਸਿੰਘ ਕਮਲ, ਹੈਪੀ ਸਿੰਘ ਦੇ ਖ਼ਿਲਾਫ਼ ਪੁਲਿਸ ਨੇ 17 ਅਪ੍ਰੈਲ 2022 ਨੂੰ ਥਾਣਾ ਸਦਰ ਫਾਜ਼ਿਲਕਾ ਵਿਚ ਐੱਫਆਈਆਰ ਦਰਜ ਕੀਤੀ ਸੀ। ਉਸ ਮਾਮਲੇ ਵਿਚ ਹੁਣ ਅਦਾਲਤ ਦਾ ਇਹ ਫ਼ੈਸਲਾ ਆਇਆ ਹੈ।



