ਤਹਿਸੀਲਦਾਰ ਤੇ ਗਿਰਦਾਵਰ ਦੇ ਨਾਂ ‘ਤੇ ਰਿਸ਼ਵਤ ਲੈਣ ਦੇ ਦੋਸ਼ ’ਚ ਪਟਵਾਰੀ ਗ੍ਰਿਫ਼ਤਾਰ, ਕਬਜ਼ੇ ‘ਚੋਂ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਬਰਾਮਦ

ਅੰਮ੍ਰਿਤਸਰ, 24 ਅਪਰੈਲ-ਵਿਜੀਲੈਂਸ ਬਿਊਰੋ ਨੇ ਬੁੱਧਵਾਰ ਸ਼ਾਮ ਨੂੰ ਮਾਲ ਵਿਭਾਗ ਦੇ ਪਟਵਾਰੀ ਹਰਪ੍ਰੀਤ ਸਿੰਘ ਨੂੰ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ਵਿਚੋਂ ਰੰਗਦਾਰ ਨਿਸ਼ਾਨਾਂ ਵਾਲੇ ਪੰਜਾਹ ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ। ਐੱਸਐੱਸਪੀ ਲਖਬੀਰ ਸਿੰਘ ਨੇ ਕਿਹਾ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੁਲਤਾਨਵਿੰਡ ਰੋਡ ਦੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਆਪਣੇ ਪਲਾਟ ਸੰਬੰਧੀ ਰਿਕਾਰਡ ਵਿਚ ਕੁਝ ਸੁਧਾਰ ਕਰਵਾਉਣੇ ਹਨ ਜਿਸ ਦਾ ਕੰਮ ਮਾਲ ਵਿਭਾਗ ਦੇ ਪਟਵਾਰੀ ਹਰਪ੍ਰੀਤ ਸਿੰਘ ਨੇ ਕਰਨਾ ਸੀ। ਉਹ ਕਈ ਵਾਰ ਪਟਵਾਰੀ ਕੋਲ ਗਿਆ ਸੀ ਪਰ ਪਟਵਾਰੀ ਉਸ ਨੂੰ ਸਿੱਧਾ ਜਵਾਬ ਨਾ ਦੇ ਕੇ ਵਾਰ-ਵਾਰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਹਰਪ੍ਰੀਤ ਸਿੰਘ ਨੇ ਇਸ ਕੰਮ ਲਈ ਢਾਈ ਲੱਖ ਰੁਪਏ ਦੀ ਮੰਗ ਕੀਤੀ ਸੀ। ਮੁਲਜ਼ਮ ਨੇ ਦੱਸਿਆ ਸੀ ਕਿ ਇਹ ਢਾਈ ਲੱਖ ਰੁਪਏ ਸਬੰਧਤ ਪਟਵਾਰੀ ਅਤੇ ਗਿਰਦਾਵਰ ਵਿਚ ਵੰਡੇ ਜਾਣੇ ਹਨ। ਉਕਤ ਰਕਮ ਵਿਚੋਂ ਉਸ ਨੂੰ ਸਿਰਫ਼ ਪੰਜਾਹ ਹਜ਼ਾਰ ਰੁਪਏ ਮਿਲਣੇ ਹਨ। ਇਸ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਦੇ ਐੱਸਐੱਸਪੀ ਲਖਬੀਰ ਸਿੰਘ ਦੀਆਂ ਹਦਾਇਤਾਂ ‘ਤੇ ਟੀਮ ਨੇ ਜਾਲ ਵਿਛਾਇਆ ਅਤੇ ਮੁਜ਼ਮ ਨੂੰ ਕੰਮ ਲਈ ਪੰਜਾਹ ਹਜ਼ਾਰ ਰੁਪਏ ਪੇਸ਼ਗੀ ਵਜੋਂ ਦਿੱਤੇ ਗਏ। ਬਾਕੀ ਰਕਮ ਕੰਮ ਪੂਰਾ ਹੋਣ ਤੋਂ ਬਾਅਦ ਅਦਾ ਕੀਤੀ ਜਾਣੀ ਸੀ। ਮੁਲਜ਼ਮ ਹਰਪ੍ਰੀਤ ਸਿੰਘ ਨੂੰ ਪੰਜਾਹ ਹਜ਼ਾਰ ਰੁਪਏ ਦਿੱਤੇ ਗਏ। ਜਿਵੇਂ ਹੀ ਉਸ ਨੇ ਪੈਸੇ ਲਏ, ਮਾਲ ਵਿਭਾਗ ਦੇ ਪਟਵਾਰੀ ਨੂੰ ਦੋ ਗਵਾਹਾਂ ਦੀ ਮੌਜੂਦਗੀ ਵਿਚ ਫੜ ਲਿਆ ਗਿਆ। ਉਸ ਦੇ ਕਬਜ਼ੇ ਵਿਚੋਂ ਰਿਸ਼ਵਤ ਦੀ ਰਕਮ ਵੀ ਬਰਾਮਦ ਹੋ ਗਈ।
ਤਹਿਸੀਲਦਾਰ ਅਤੇ ਗਿਰਦਾਵਰ ਦੀ ਭੂਮਿਕਾ ਦੀ ਜਾਂਚ ਕਰ ਰਹੀ ਪੁਲਿਸ
ਜਿਵੇਂ ਹੀ ਵਿਜੀਲੈਂਸ ਨੇ ਛਾਪਾ ਮਾਰਿਆ ਅਦਾਲਤ ਦੇ ਕੰਪਲੈਕਸ ਵਿਚ ਪਟਵਾਰਖਾਨੇ ਵਿਚ ਹਫੜਾ-ਦਫੜੀ ਮਚ ਗਈ। ਜ਼ਿਆਦਾਤਰ ਪਟਵਾਰੀ ਆਪਣੀਆਂ ਸੀਟਾਂ ਛੱਡ ਕੇ ਰੂਪੋਸ਼ ਹੋ ਗਏ। ਇੰਨਾ ਹੀ ਨਹੀਂ ਉਨ੍ਹਾਂ ਦੇ ਕਰਿੰਦੇ ਜੋ ਆਪਣੀਆਂ ਸੀਟਾਂ ‘ਤੇ ਭ੍ਰਿਸ਼ਟਾਚਾਰ ਦਾ ਖੇਡ ਖੇਡਦੇ ਹਨ, ਉਹ ਵੀ ਪਟਵਾਰਖਾਨੇ ਵਿਚ ਨਹੀਂ ਦਿਖਾਈ ਦਿੱਤੇ। ਐੱਸਐੱਸਪੀ ਲਖਬੀਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮਾਲ ਵਿਭਾਗ ਦੇ ਕਈ ਅਧਿਕਾਰੀ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ। ਸ਼ਿਕਾਇਤਾਂ ਮਿਲ ਰਹੀਆਂ ਹਨ, ਕਾਰਵਾਈ ਕਰਨ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।



