ਤਲਾਕਸ਼ੁਦਾ ਔਰਤ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ
ਜਬਰੀ ਕਰਵਾਇਆ ਗਰਭਪਾਤ, ਨਵਜੋਤ ਸਿੰਘ ਖ਼ਿਲਾਫ਼ ਕੇਸ ਦਰਜ

ਐੱਸਏਐੱਸ ਨਗਰ, 20 ਸਤੰਬਰ : ਸੋਹਾਣਾ ਥਾਣਾ ਪੁਲਿਸ ਨੇ ਇਕ ਤਲਾਕਸ਼ੁਦਾ ਔਰਤ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਅਤੇ ਉਸ ਦੀ ਮਰਜ਼ੀ ਦੇ ਬਿਨਾਂ ਗਰਭਪਾਤ ਕਰਵਾਉਣ ਦੇ ਗੰਭੀਰ ਦੋਸ਼ਾਂ ਤਹਿਤ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਨਿਵਾਸੀ ਨਵਜੋਤ ਸਿੰਘ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਔਰਤ ਨੇ ਦੱਸਿਆ ਕਿ ਉਸਦਾ ਪਤੀ ਤੋਂ ਸਾਲ 2023 ਵਿਚ ਤਲਾਕ ਹੋ ਗਿਆ ਸੀ ਅਤੇ ਉਸ ਦੇ ਦੋ ਬੱਚੇ ਵੀ ਹਨ। ਪਿਛਲੇ ਡੇਢ ਸਾਲ ਤੋਂ ਉਸ ਦੀ ਨਵਜੋਤ ਸਿੰਘ ਨਾਲ ਜਾਣ-ਪਛਾਣ ਸੀ। ਔਰਤ ਨੇ ਆਪਣੀ ਤਲਾਕਸ਼ੁਦਾ ਜ਼ਿੰਦਗੀ ਅਤੇ ਬੱਚਿਆਂ ਬਾਰੇ ਨਵਜੋਤ ਨੂੰ ਸਭ ਕੁਝ ਦੱਸ ਦਿੱਤਾ ਸੀ, ਜਿਸ ਤੋਂ ਬਾਅਦ ਨਵਜੋਤ ਨੇ ਉਸ ਨਾਲ ਵਿਆਹ ਕਰਨ ਅਤੇ ਉਸ ਦੇ ਬੱਚਿਆਂ ਨੂੰ ਅਪਣਾਉਣ ਦਾ ਵਾਅਦਾ ਕੀਤਾ।
ਗਰਭਵਤੀ ਹੋਣ ‘ਤੇ ਜ਼ਬਰਨ ਕਰਵਾਇਆ ਗਰਭਪਾਤ
ਔਰਤ ਦਾ ਦੋਸ਼ ਹੈ ਕਿ ਵਿਆਹ ਦਾ ਝਾਂਸਾ ਦੇ ਕੇ ਨਵਜੋਤ ਨੇ ਉਸ ਦੀ ਮਰਜ਼ੀ ਦੇ ਬਿਨਾਂ ਉਸ ਨਾਲ ਸਰੀਰਕ ਸਬੰਧ ਬਣਾਏ। ਜਦੋਂ ਉਹ ਗਰਭਵਤੀ ਹੋ ਗਈ ਤਾਂ ਨਵਜੋਤ ਨੇ ਉਸ ਨੂੰ ਜ਼ਬਰਦਸਤੀ ਗਰਭਪਾਤ ਕਰਵਾਉਣ ਲਈ ਮਜਬੂਰ ਕੀਤਾ। ਇਸ ਤੋਂ ਬਾਅਦ ਨਵਜੋਤ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪੀੜਤਾ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਮੁਲਜ਼ਮ ਨਵਜੋਤ ਸਿੰਘ ਖ਼ਿਲਾਫ਼ ਸਬੰਧਤ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



