ਤਰਨ ਤਾਰਨ ਜ਼ਿਮਨੀ ਚੋਣ ਮਾਮਲੇ ‘ਚ ਕਾਂਗਰਸ ਦੀ ਫੁੱਟ ਉਜਾਗਰ
ਸੀਨੀਅਰ ਆਗੂਆਂ ਨੇ ਜ਼ਿਮਨੀ ਚੋਣ ਲੜਨ ਲਈ ਨਹੀਂ ਭਰੀ ਹਾਮੀ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 8 ਅਕਤੂਬਰ : ਕਾਂਗਰਸ ਹਾਈ ਕਮਾਨ ਵੱਲੋਂ ਤਰਨ ਤਾਰਨ ਜ਼ਿਮਨੀ ਚੋਣ ਲਈ ਐਲਾਨੇ ਉਮੀਦਵਾਰ ਕਰਣਬੀਰ ਸਿੰਘ ਬੁਰਜ ਨੂੰ ਬਦਲਣ ਸਬੰਧੀ ਵਿਚਾਰ ਕਰਨ ਦੀਆਂ ਕਨਸੋਆਂ ਮਿਲੀਆਂ ਹਨ ਪਰ ਮਾਝੇ ਨਾਲ ਸਬੰਧਤ ਕਈ ਸੀਨੀਅਰ ਆਗੂਆਂ ਨੇ ਚੋਣ ਲੜਨ ਤੋਂ ਨਾਂਹ ਕਰ ਦਿੱਤੀ। ਦੂਜੇ ਪਾਸੇ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਕਰਣਬੀਰ ਸਿੰਘ ਬੁਰਜ ਦੇ ਸਮਰਥਨ ਵਿਚ ਆਏ ਜਿਸ ਕਰ ਕੇ ਉਮੀਦਵਾਰ ਬਦਲਣ ਦਾ ਫੈਸਲਾ ਫਿਲਹਾਲ ਟਲ ਗਿਆ ਹੈ। ਲੁਧਿਆਣਾ ਜ਼ਿਮਨੀ ਚੋਣ ਤੋਂ ਬਾਅਦ ਹੁਣ ਤਰਨ ਤਾਰਨ ਜ਼ਿਮਨੀ ਚੋਣ ਵਿਚ ਕਾਂਗਰਸ ਦੀ ਅੰਦਰੂਨੀ ਗੁੱਟਬਾਜ਼ੀ ਸਾਹਮਣੇ ਆਈ ਹੈ। ਕਾਂਗਰਸੀ ਸੂਤਰਾਂ ਅਨੁਸਾਰ ਪਾਰਟੀ ਨੇ ਕਰਣਬੀਰ ਸਿੰਘ ਬੁਰਜ ਦੀ ਟਿਕਟ ਬਦਲਣ ਦਾ ਫੈਸਲਾ ਕੀਤਾ ਕਿਉਂਕਿ ਪਾਰਟੀ ਵਿਚ ਇਹ ਚਰਚਾ ਚੱਲ ਪਈ ਕਿ ਕਾਂਗਰਸ ਦਾ ਉਮੀਦਵਾਰ ਥੋੜ੍ਹਾ ਕਮਜ਼ੋਰ ਹੈ। ਪਤਾ ਲੱਗਿਆ ਹੈ ਕਿ ਪਾਰਟੀ ਦੇ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ ਨੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਫ਼ੈਸਲਾ ਕੀਤਾ ਪਰ ਔਜਲਾ ਨੇ ਕਿਹਾ ਕਿ ਤਰਨ ਤਾਰਨ ਹਲਕਾ ਉਨ੍ਹਾਂ ਦੇ ਸੰਸਦੀ ਹਲਕੇ ਦਾ ਹਿੱਸਾ ਨਹੀਂ ਹੈ, ਫਿਰ ਵੀ ਜੇਕਰ ਪਾਰਟੀ ਚਾਹੇ ਤਾਂ ਉਹ ਚੋਣ ਲੜਨ ਲਈ ਤਿਆਰ ਹਨ। ਦੱਸਿਆ ਜਾਂਦਾ ਹੈ ਕਿ ਵੇਣੂਗੋਪਾਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਵੀ ਵਿਚਾਰ-ਵਟਾਂਦਰਾ ਕੀਤਾ। ਬਾਜਵਾ ਨੇ ਉਮੀਦਵਾਰ ਬਦਲਣ ਦੇ ਫੈਸਲੇ ਦਾ ਵਿਰੋਧ ਕੀਤਾ ਬਲਕਿ ਕਰਣਬੀਰ ਸਿੰਘ ਬੁਰਜ ਨੂੰ ਇਕ ਮਜ਼ਬੂਤ ਤੇ ਪ੍ਰਭਾਵ ਵਾਲਾ ਵਿਅਕਤੀ ਦੱਸਿਆ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਪਾਰਟੀ ਤਰਨਤਾਰਨ ਉਪ-ਚੋਣ ਵਿਚ ਇੱਕ ਮਜ਼ਬੂਤ ਉਮੀਦਵਾਰ ਖੜ੍ਹਾ ਕਰਨਾ ਚਾਹੁੰਦੀ ਸੀ ਅਤੇ ਕਈ ਨਾਵਾਂ ’ਤੇ ਚਰਚਾ ਕੀਤੀ ਗਈ ਪਰ ਜ਼ਿਆਦਾਤਰ ਸੀਨੀਅਰ ਆਗੂਆਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਖਡੂਰ ਸਾਹਿਬ ਦੇ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੂੰ ਚੋਣ ਲੜਨ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸੀਟ ਉਨ੍ਹਾਂ ਦੇ ਸੰਸਦੀ ਹਲਕੇ ਵਿਚ ਹੈ, ਇਸ ਲਈ ਉਨ੍ਹਾਂ ਨੂੰ ਚੋਣ ਲੜਨੀ ਚਾਹੀਦੀ ਹੈ। ਦੱਸਿਆ ਜਾਂਦਾ ਹੈ ਕਿ ਡਿੰਪਾ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਡਿੰਪਾ ਇਸ ਸਮੇਂ ਅੰਮ੍ਰਿਤਸਰ ਪੂਰਬੀ ਸੀਟ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਇਸ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਚੋਣ ਲੜਦੇ ਰਹੇ ਹਨ। ਇਸੇ ਤਰ੍ਹਾਂ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਨਾਂ ’ਤੇ ਵੀ ਚਰਚਾ ਹੋਈ ਪਰ ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਹੋ ਚੁੱਕੀ ਹੈ। ਇਹਨਾਂ ਹਾਲਾਤ ਵਿਚ ਖਡੂਰ ਸਾਹਿਬ ਸੀਟ ਨੂੰ ਕਿਸੇ ਵੀ ਸਮੇਂ ਖਾਲੀ ਘੋਸ਼ਿਤ ਕੀਤਾ ਜਾ ਸਕਦਾ ਹੈ, ਇਸ ਲਈ ਉਹ ਕਿਸੇ ਹੋਰ ਸੀਟ ਤੋਂ ਚੋਣ ਨਹੀਂ ਲੜ ਸਕਦੇ। ਖਡੂਰ ਸਾਹਿਬ ਤੋਂ 2024 ਦੀਆਂ ਲੋਕ ਸਭਾ ਚੋਣਾਂ ਲੜਨ ਵਾਲੇ ਕੁਲਬੀਰ ਜ਼ੀਰਾ ਦੇ ਨਾਂ ’ਤੇ ਵੀ ਵਿਚਾਰ ਕੀਤਾ ਗਿਆ। ਫਿਰ ਪਾਰਟੀ ਦੇ ਅੰਦਰ ਇਹ ਵੀ ਚਰਚਾ ਸੀ ਕਿ ਕੁਲਬੀਰ ਜ਼ੀਰਾ ਦਾ ਗ੍ਰਹਿ ਹਲਕਾ ਜ਼ੀਰਾ ਹੈ। ਜੇਕਰ ਉਹ ਤਰਨ ਤਾਰਨ ਤੋਂ ਚੋਣ ਲੜਦੇ ਹਨ ਤਾਂ ਇਸ ਦਾ ਜ਼ੀਰਾ ਸੀਟ ’ਤੇ ਮਾੜਾ ਪ੍ਰਭਾਵ ਪਵੇਗਾ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਦੱਸਿਆ ਜਾਂਦਾ ਹੈ ਕਿ ਮੁੜ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦੇਣ ਦੀ ਚਰਚਾ ਹੋਈ, ਜੋ ਕੁਝ ਝਿਜਕ ਤੋਂ ਬਾਅਦ ਸਹਿਮਤ ਹੋ ਗਏ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਜਿਨ੍ਹਾਂ ਨੇ ਬੁਰਜ ਨੂੰ ਟਿਕਟ ਦਿਵਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ, ਦੇ ਦਖਲ ਤੋਂ ਬਾਅਦ ਟਿਕਟ ਬਦਲਣ ਦਾ ਮਾਮਲਾ ਮੁਲਤਵੀ ਕਰ ਦਿੱਤਾ ਗਿਆ।



