Punjab

ਤਰਨ-ਤਾਰਨ ‘ਚ ਭੱਠੇ ਦੇ ਮੁਨਸ਼ੀ ਦਾ ਕਤਲ ਕਰਕੇ ਲੁੱਟੀ ਹਜ਼ਾਰਾਂ ਦੀ ਨਕਦੀ ਤੇ ਮੋਬਾਈਲ ਫੋਨ

ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ

ਭਿੱਖੀਵਿੰਡ, 25 ਅਗਸਤ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੁੱਗਾ ਵਿਖੇ ਸਥਿਤ ਇੱਟਾਂ ਦੇ ਭੱਠੇ ’ਤੇ ਤਾਇਨਾਤ ਮੁਨਸ਼ੀ ਦਾ ਅਣਪਛਾਤੇ ਲੁਟੇਰਿਆਂ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕਮਰੇ ਵਿਚ ਹਜ਼ਾਰਾਂ ਰੁਪਏ ਦੀ ਨਕਦੀ ਗਾਇਬ ਮਿਲੀ। ਉਂਕਾਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਨੌਸ਼ਹਿਰਾ ਪਨੂੰਆਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਪਿੰਡ ਸੁੱਗਾ ਵਿਖੇ ਇੱਟਾਂ ਦਾ ਭੱਠਾ ਹੈ। ਜਿਥੇ ਰਮੇਸ਼ ਚੰਦ ਪੁੱਤਰ ਸੂਰਤੀ ਰਾਮ ਵਾਸੀ ਕੁੜਨਾ ਜ਼ਿਲ੍ਹਾ ਕਾਂਗੜਾ 2003 ਤੋਂ ਬਤੌਰ ਮੁਨਸ਼ੀ ਕੰਮ ਕਰਦਾ ਸੀ। ਲੰਘੀ ਰਾਤ ਉਹ ਰੋਜ਼ ਦੀ ਤਰ੍ਹਾਂ ਭੱਠੇ ਤੋਂ ਮੁਨਸ਼ੀ ਰਮੇਸ਼ ਚੰਦ ਕੋਲੋਂ ਹਿਸਾਬ ਵੇਖਿਆ ਤਾਂ ਉਸ ਵੇਲੇ ਉਨ੍ਹਾਂ ਕੋਲ ਕਰੀਬ 12 ਹਜ਼ਾਰ ਦੀ ਨਕਦੀ ਸੀ, ਜੋ ਉਹ ਉਨ੍ਹਾਂ ਕੋਲ ਹੀ ਛੱਡ ਕੇ ਘਰ ਆ ਗਏ। ਸਵੇਰੇ ਭੱਠੇ ਦੇ ਦੂਸਰੇ ਮੁਨਸ਼ੀ ਰਣਜੀਤ ਸਿੰਘ ਨੇ ਸੂਚਨਾ ਦਿੱਤੀ ਕਿ ਰਮੇਸ਼ ਚੰਦ ਆਪਣਾ ਦਰਵਾਜਾ ਨਹੀਂ ਖੋਲ੍ਹ ਰਿਹਾ। ਸਵੇਰੇ ਕਰੀਬ 9 ਵਜੇ ਉਹ ਭੱਠੇ ’ਤੇ ਪੁੱਜੇ ਅਤੇ ਵੇਖਿਆ ਕਿ ਰਮੇਸ਼ ਚੰਦ ਮ੍ਰਿਤਕ ਹਾਲਤ ਵਿਚ ਮੰਜੇ ’ਤੇ ਪਿਆ ਸੀ ਅਤੇ ਉਸਦੇ ਦੋਵੇਂ ਮੋਬਾਈਲ ਫੋਨ, ਪਰਸ ਅਤੇ 12 ਹਜ਼ਾਰ ਦੇ ਕਰੀਬ ਨਕਦੀ ਗਾਇਬ ਸੀ। ਉਥੇ ਹੀ ਕਮਰੇ ਵਿਚ ਦਾਤਰ ਵੀ ਪਿਆ ਸੀ। ਉਨ੍ਹਾਂ ਦੱਸਿਆ ਕਿ ਅਣਪਛਾਤੇ ਲੁਟੇਰੇ ਵੱਲੋਂ ਲੁੱਟ ਦੀ ਨੀਅਤ ਨਾਲ ਰਮੇਸ਼ ਚੰਦ (66) ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮੌਕੇ ’ਤੇ ਪੁੱਜੇ ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਉਂਕਾਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button