Punjab

ਤਰਨਤਾਰਨ ਪੁਲਿਸ ਨੇ ਆਈਐੱਸਆਈ ਦੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੇ ਮਨਸੂਬੇ ਕੀਤੇ ਫੇਲ੍ਹ

ਤਰਨਤਾਰਨ, 6 ਜੂਨ :  ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਲਈ ਪਾਕਿ ਦੀ ਖੁਫ਼ੀਆ ਏਜੰਸੀ ਆਈਐੱਸਆਈ ਵੱਲੋਂ ਘੜੇ ਗਏ ਮਨਸੂਬਿਆਂ ’ਤੇ ਪਾਣੀ ਫੇਰਦਿਆਂ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਆਈਐੱਸਆਈ ਆਧਾਰਿਤ ਸਮੱਗਲਰਾਂ ਵੱਲੋਂ ਭੇਜੇ ਗਏ ਛੇ ਆਧੁਨਿਕ ਹਥਿਆਰ ਬਰਾਮਦ ਕਰ ਕੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਦੋਵੇਂ ਨੌਜਵਾਨ ਸਰਹੱਦੀ ਪਿੰਡ ਲਾਖਣਾ ਨਾਲ ਸਬੰਧਤ ਹਨ, ਜੋ ਬਿਨਾਂ ਅਪਰਾਧਿਕ ਰਿਕਾਰਡ ਵਾਲੇ ਇਹ ਨੌਜਵਾਨ ਕਿੱਥੋਂ ਤੱਕ ਹਥਿਆਰ ਸਪਲਾਈ ਕਰਦੇ ਸਨ, ਇਹ ਪਤਾ ਲਗਾਉਣ ਲਈ ਪੁਲਿਸ ਜੁਟ ਗਈ ਹੈ। ਇਨ੍ਹਾਂ ਕੋਲੋਂ ਛੇ ਪਿਸਤੌਲ, ਇਕ ਬਿਨਾਂ ਨੰਬਰ ਦਾ ਮੋਟਰਸਾਈਕਲ ਤੇ ਚਾਰ ਕਾਰਤੂਸ ਬਰਾਮਦ ਹੋਏ ਹਨ। ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਵੱਲੋਂ ਪੰਜਾਬ ’ਚ ਹਾਲਾਤ ਖ਼ਰਾਬ ਕਰਨ ਲਈ ਕੀਤੀਆਂ ਜਾ ਰਹੀਆਂ ਲਗਾਤਾਰ ਕਾਰਵਾਈਆਂ ਕਾਰਨ ਸੀਆਈਏ ਦੀ ਟੀਮ ਦੇ ਹੱਥ ਸੂਚਨਾ ਲੱਗੀ ਸੀ ਕਿ ਸਰਹੱਦੀ ਇਲਾਕੇ ਨਾਲ ਸਬੰਧਤ ਪਿੰਡ ਲਾਖਣਾ ਵਾਸੀ ਅਰਸ਼ਦੀਪ ਸਿੰਘ ਅਰਸ਼ ਪੁੱਤਰ ਇਕਬਾਲ ਸਿੰਘ ਤੇ ਸੂਰਜਪਾਲ ਸਿੰਘ ਸੂਰਜ ਪੁੱਤਰ ਰਘਬੀਰ ਸਿੰਘ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਹਥਿਆਰ ਮੰਗਵਾ ਰਹੇ ਹਨ। ਜਿਸ ਕਾਰਨ ਐੱਸਪੀ ਡਾ. ਰਿਪੂਤਪਨ ਸਿੰਘ ਤੇ ਡੀਐੱਸਪੀ ਗੁਰਿੰਦਰਪਾਲ ਸਿੰਘ ਨਾਗਰਾ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਦੇ ਇੰਚਾਰਜ ਅਮਨਦੀਪ ਸਿੰਘ ਰੰਧਾਵਾ ਦੀ ਅਗਵਾਈ ਵਾਲੀ ਟੀਮ ਨੂੰ ਐਕਟਿਵ ਕੀਤਾ। ਜਿਨ੍ਹਾਂ ਅਰਸ਼ਦੀਪ ਸਿੰਘ ਤੇ ਸੂਰਜ ਨੂੰ ਗ੍ਰਿਫ਼ਤਾਰ ਕਰ ਕੇ ਛੇ ਪਿਸਟਲ, ਜਿਨ੍ਹਾਂ ’ਚ ਚਾਰ ਗਲੋਕ ਤੇ ਦੋ ਪੀਐੱਸ-5, 30 ਬੋਰ ਸ਼ਾਮਲ ਹਨ, ਬਰਾਮਦ ਕਰ ਕੇ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਦੋਵੇਂ ਪਾਕਿਸਤਾਨ ਦੀ ਏਜੰਸੀ ਆਈਐੱਸਆਈ ਦੇ ਏਜੰਟ ਰਾਣਾ ਤੇ ਸਿਕੰਦਰ, ਜੋ ਪੰਜਾਬ ’ਚ ਲਗਾਤਾਰ ਹਥਿਆਰ ਵੱਖ-ਵੱਖ ਗੈਂਗਸਟਰਾਂ ਲਈ ਭੇਜ ਰਹੇ ਹਨ, ਕੋਲੋਂ ਹਥਿਆਰ ਮੰਗਵਾ ਰਹੇ ਸਨ। ਉਨ੍ਹਾਂ ਦੱਸਿਆ ਕਿ ਸੂਰਜ ਦੀ ਉਮਰ 28 ਸਾਲ ਤੇ ਅਰਸ਼ਦੀਪ 23 ਸਾਲ ਦਾ ਹੈ। ਦੋਵੇਂ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ ਤੇ ਦੋਵੇਂ ਹੀ ਸੰਪਨ ਪਰਿਵਾਰਾਂ ਨਾਲ ਸਬੰਧਤ ਹਨ। ਇਨ੍ਹਾਂ ਦੋਵਾਂ ਦੀ ਅੱਠ-ਅੱਠ ਏਕੜ ਜ਼ਮੀਨ ਵੀ ਹੈ। ਇਕ ਜਣਾ ਲਾਖਣਾ ’ਚ ਮਠਿਆਈ ਦੀ ਦੁਕਾਨ ਵੀ ਕਰਦਾ ਹੈ। ਪਰ ਇਹ ਪਾਕਿਸਤਾਨੀ ਸਮੱਗਲਰਾਂ ਨਾਲ ਵਟਸਐੱਪ ਰਾਹੀਂ ਜੁੜੇ ਤੇ ਪੈਸਿਆਂ ਦੇ ਲਾਲਚ ਕਰਕੇ ਉਨ੍ਹਾਂ ਦੇ ਬਹਿਕਾਵੇ ’ਚ ਆ ਕੇ ਇਸ ਧੰਦੇ ’ਚ ਸ਼ਾਮਲ ਹੋ ਗਏ। ਉਨ੍ਹਾਂ ਦੱਸਿਆ ਕਿ ਤਕਨੀਕੀ ਢੰਗਾਂ ਨਾਲ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਇਲਾਵਾ ਇਨ੍ਹਾਂ ਨੇ ਹੋਰ ਕਿੰਨੀਆਂ ਖੇਪਾ ਮੰਗਵਾਈਆਂ ਸਨ ਅਤੇ ਕਿੱਥੇ ਕਿੱਥੇ ਦਿੱਤੀਆਂ। ਜਦੋਂਕਿ ਇਹ ਹਥਿਆਰ ਇਨ੍ਹਾਂ ਨੇ ਕਿਸ ਤੱਕ ਪਹੁੰਚਾਉਣੇ ਸਨ, ਇਹ ਜਾਂਚ ਵੀ ਜਾਰੀ ਹੈ। ਐੱਸਐੱਸਪੀ ਨੇ ਕਿਹਾ ਕਿ ਇਨ੍ਹਾਂ ਉੱਪਰ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ।

Related Articles

Leave a Reply

Your email address will not be published. Required fields are marked *

Back to top button