
ਤਰਨਤਾਰਨ, 2 ਮਾਰਚ- ਤਰਨਤਾਰਨ ਦੀ ਸਭ ਤੋਂ ਹਾਟ ਸੀਟ ਮੰਨੀ ਜਾਂਦੀ ਵਾਰਡ ਨੰਬਰ 3 ’ਚ ਸਵੇਰ ਸਮੇਂ ਈਵੀਐੱਮ ਮਸ਼ੀਨਾਂ ’ਤੇ ਭਾਜਪਾ ਦਾ ਚੋਣ ਨਿਸ਼ਾਨ ਨਾ ਹੋਣ ਦੇ ਚੱਲਦਿਆਂ ਭਾਰੀ ਹੰਗਾਮਾ ਹੋ ਗਿਆ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਡੀ ਗਿਣਤੀ ਸਾਥੀਆਂ ਸਮੇਤ ਵਾਰਡ ਦੇ ਬਿਜਲੀ ਘਰ ’ਚ ਬਣੇ ਬੂਥਾਂ ’ਤੇ ਪੁੱਜੇ ਅਤੇ ਆਮ ਆਦਮੀ ਪਾਰਟੀ ’ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਰੀਬ ਦੋ ਘੰਟੇ ਚੱਲੇ ਹੰਗਾਮੇ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਨੇ ਵਾਰਡ ਨੰਬਰ ਤਿੰਨ ਦੀ ਚੋਣ ਨੂੰ ਰੱਦ ਕਰ ਦਿੱਤਾ। ਤਰਨਤਾਰਨ ਦੀ ਤਿੰਨ ਨੰਬਰ ਵਾਰਡ ਤੋਂ ਇੱਥੋਂ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਧਰਮ ਪਤਨੀ ਨਵਜੋਤ ਕੌਰ ਹੁੰਦਲ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ’ਚ ਸਨ। ਜਦੋਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਕਿਰਨਦੀਪ ਕੌਰ ਤੋਂ ਇਲਾਵਾ ਪਲਵਿੰਦਰ ਕੌਰ ਅਤੇ ਜਤਿੰਦਰ ਕੌਰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਲੜ ਰਹੇ ਸਨ। ਜਤਿੰਦਰ ਕੌਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਦੀ ਧਰਮ ਪਤਨੀ ਹੈ ਅਤੇ ਟਿਕਟ ਨਾ ਮਿਲਣ ਕਰਕੇ ਉਹ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਉੱਤਰੇ ਸਨ। ਵਿਧਾਇਕ ਦੀ ਪਤਨੀ ਦੇ ਚੋਣ ਲੜਨ ਕਰਕੇ ਇਸ ਸੀਟ ਨੂੰ ਹਾਟ ਸੀਟ ਵਜੋਂ ਗਿਣਿਆ ਜਾ ਰਿਹਾ ਸੀ। ਐਤਵਾਰ ਸਵੇਰੇ ਪੋਲਿੰਗ ਸ਼ੁਰੂ ਹੋਣ ਤੋਂ ਇਸ ਵਾਰਡ ਵਿਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਹੁੰਚੇ ਭਾਜਪਾ ਆਗੂਆਂ ਨੇ ਕਿਹਾ ਕਿ ਈਵੀਐੇੱਮ ਉੱਪਰ ਭਾਜਪਾ ਦਾ ਨਿਸ਼ਾਨ ਹੀ ਗਾਇਬ ਹੈ। ਜਦੋਂਕਿ ਉਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਹੋਣ ਦੇ ਨਾਲ ਨਾਲ ਮਸ਼ੀਨ ਉੱਪਰ ਉਸਦੇ ਇਕ ਨੰਬਰ ਬਟਨ ’ਤੇ ਹੋਣ ਦੀ ਜਾਣਕਾਰੀ ਵੀ ਮਿਲੀ ਸੀ। ਉਕਤ ਮਾਮਲੇ ਨੂੰ ਲੈ ਕੇ ਭਾਜਪਾ ਆਗੂਆਂ ਨੇ ਜਬਰਦਸਤ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰੀ ਤੰਤਰ ਦੀ ਮਦਦ ਨਾਲ ਲੋਕ ਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ, ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ ਤੇ ਹੋਰ ਆਗੂ ਵੀ ਮੌਜੂਦ ਸਨ। ਕਰੀਬ ਦੋ ਘੰਟੇ ਤੱਕ ਮਾਮਲਾ ਭਖਿਆ ਰਿਹਾ ਅਤੇ ਅਖੀਰ ਮੌਕੇ ’ਤੇ ਪੁੱਜੇ ਸਹਾਇਕ ਰਿਟਰਨਿੰਗ ਅਫਸਰ ਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਵਾਰਡ ਦੀ ਚੋਣ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ====== ਬਾਕਸ : ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਤੇ 7 ਦੀ ਚੋਣ 4 ਤੱਕ ਮੁਲਤਵੀ : ਮੈਜਿਸਟ੍ਰੇਟ ਜ਼ਿਲ੍ਹਾ ਮੈਜਿਸਟ੍ਰੇਟ ਰਾਹੁਲ ਨੇ ਦੱਸਿਆ ਕਿ ਨਗਰ ਕੌਂਸਲ ਤਰਨਤਾਰਨ ਦੀਆਂ ਆਮ ਚੋਣਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਵਾਰਡ ਨੰਬਰ 1 ਤੋਂ 13 ਤੱਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਸੀ। ਪੋਲਿੰਗ ਦੌਰਾਨ ਤਕਰੀਬਨ ਸਵੇਰੇ 10 ਵਜੇ ਇਹ ਧਿਆਨ ਵਿਚ ਆਇਆ ਕਿ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਛਪ ਗਿਆ ਹੈ। ਸਵੇਰੇ 9 ਵਜੇ ਤੱਕ ਇਨ੍ਹਾਂ ਤਿੰਨਾਂ ਬੂਥਾਂ ਵਿਚ ਕਾਫੀ ਵੋਟਿੰਗ ਹੋ ਚੁੱਕੀ ਹੈ। ਇਸ ਗਲਤੀ ਕਰਕੇ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 ਦੀ ਧਾਰਾ 58 ਤਹਿਤ ਅਤੇ ਪੰਜਾਬ ਮਿਉਂਸਪਲ ਚੋਣ ਨਿਯਮ 1994 ਦੇ ਨਿਯਮ 73 ਦੇ ਅਧੀਨ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਚੋਣ ਪ੍ਰੀਕਿਰਿਆ ਮੁਲਤਵੀ ਕਰ ਦਿੱਤੀ ਗਈ ਹੈ। ਦੁਬਾਰਾ ਵਾਰਡ ਨੰਬਰ 3 ਦੇ ਉਕਤ ਬੂਥਾਂ ਦੀ ਚੋਣ ਹੁਣ 4 ਮਾਰਚ ਨੂੰ ਕਰਵਾਉਣ ਦੇ ਰਾਜ ਚੋਣ ਕਮਿਸ਼ਨ ਵੱਲੋਂ ਨਿਰਦੇਸ਼ ਜਾਰੀ ਹੋਏ ਹਨ।



