
ਪਟਿਆਲਾ, 3 ਨਵੰਬਰ : ਮਾਲ ਰੋਡ ‘ਤੇ ਸ਼ਨੀਵਾਰ ਨੂੰ ਢਾਬੇ ਦੇ ਕਰਿੰਦੇ ਸੰਤੋਸ਼ ਯਾਦਵ ਦੇ ਕਤਲ ਮਾਮਲੇ ‘ਚ ਪੁਲਿਸ ਨੇ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਹੁਲ ਵਜੋਂ ਹੋਈ ਹੈ। ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਰਾਤ 6 ਲੜਕੇ ਢਾਬੇ ਤੇ ਰੋਟੀ ਖਾਣ ਆਏ ਸੀ। ਖਾਣੇ ਦੇ ਬਿੱਲ ‘ਚ ਡਿਸਕਾਉਂਟ ਨੂੰ ਲੈਕੇ ਕੇ ਇਨ੍ਹਾਂ ਲੜਕਿਆਂ ਵਲੋਂ ਕੈਸ਼ੀਅਰ ਨਾਲ ਬਹਿਸ ਕੀਤੀ ਗਈ ਤੇ ਕੈਸ਼ੀਅਰ ਦੇ ਥੱਪੜ ਮਾਰਿਆ ਗਿਆ। ਇਸ ਤੋਂ ਬਾਅਦ ਲੜਕੇ ਢਾਬੇ ਤੋਂ ਭੱਜਣ ਲੱਗੇ। ਢਾਬਾ ਮੁਲਾਜ਼ਮਾਂ ਨੇ ਇਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਇਨ੍ਹਾਂ ਵਿਚੋਂ ਇਕ ਰਾਹੁਲ ਨਾਮ ਦੇ ਲੜਕੇ ਨੇ ਢਾਬੇ ਦੇ ਕਰਿੰਦੇ ਸੰਤੋਸ਼ ਦੇ ਚਾਕੂ ਮਾਰ ਦਿੱਤਾ। ਸੰਤੋਸ਼ ਦੀ ਮੌਤ ਹੋ ਗਈ ਤੇ ਹਮਲਾਵਰ ਫਰਾਰ ਹੋ ਗਏ। ਡੀਐਸਪੀ ਨੇ ਦੱਸਿਆ ਕਿ ਇਸ ਸਬੰਧੀ 6 ਜਣਿਆਂ ਖਿਲਾਫ ਪਰਚਾ ਦਰਜ ਕੀਤਾ ਹੈ ਤੇ ਚਾਕੂ ਮਾਰਨ ਵਾਲੇ ਰਾਹੁਲ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀਆਂ ਦੀ ਭਾਲ ਜਾਰੀ ਹੈ।



