
ਫ਼ਿਰੋਜ਼ਪੁਰ, 29 ਜਨਵਰੀ (ਬਾਲ ਕਿਸ਼ਨ)– ਵਿਦਿਆਰਥੀਆਂ ਵਿੱਚ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ, ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਤਲਵੰਡੀ ਭਾਈ ਵਿਖੇ ਇੱਕ ਕਿਡਜ਼ ਫਿਏਸਟਾ ਦਾ ਆਯੋਜਨ ਕੀਤਾ। ਜਿਸ ਵਿੱਚ 300 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਪਿ੍ਰੰਸੀਪਲ ਯਚਨਾ ਚਾਵਲਾ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵਿੱਚ ਸਿਹਤਮੰਦ ਬੇਬੀ ਸ਼ੋਅ, ਪ੍ਰਤਿਭਾ ਖੋਜ ਮੁਕਾਬਲਾ, ਮਾਸਟਰ ਸਟ੍ਰੋਕ ਮੁਕਾਬਲਾ ਕਰਵਾਇਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਲਈ ਵੱਖ-ਵੱਖ ਮਜ਼ੇਦਾਰ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ। ਪਿ੍ਰੰਸੀਪਲ ਨੇ ਮਾਪਿਆਂ ਨੂੰ ਡੀਸੀਐੱਮ ਦੁਆਰਾ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਡੀਸੀ ਮਾਡਲ ਸਕੂਲ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਜੋ ਪੜ੍ਹਾਈ ਦੇ ਨਾਲ-ਨਾਲ ਉਹ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਅੱਗੇ ਵਧ ਸਕਣ। ਉਨ੍ਹਾਂ ਕਿਹਾ ਕਿ ਸਕੂਲੀ ਸਿੱਖਿਆ ਤੋਂ ਇਲਾਵਾ, ਤਜਰਬੇਕਾਰ ਅਧਿਆਪਕ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਪਰੋਕਤ ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਡਾ. ਕਵਿਤਾ ਨਰੂਲਾ, ਲਿਟਲ ਲੋਟਸ ਪਲੇਵੇਅ ਸਕੂਲ ਦੀ ਪਿ੍ਰੰਸੀਪਲ ਸੁਸ਼ਮਾ, ਕਿਡਜ਼ ਕਿੰਗਡਮ ਪਲੇਵੇਅ ਸਕੂਲ ਦੀ ਪਿ੍ਰੰਸੀਪਲ ਅਨੁਰਾਧਾ ਨੇ ਨਿਭਾਈ। ਛੋਟੇ ਬੱਚਿਆਂ ਤੋਂ ਇਲਾਵਾ, ਉਨ੍ਹਾਂ ਦੇ ਮਾਪਿਆਂ ਨੇ ਵੀ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਦੁਆਰਾ ਆਯੋਜਿਤ ਪ੍ਰੋਗਰਾਮ ਦੀ ਬਹੁਤ ਪ੍ਰਸੰਸਾ ਕੀਤੀ। ਇਸ ਮੌਕੇ ਡਿਪਟੀ ਪਿ੍ਰੰਸੀਪਲ ਮਨੀਸ਼ ਬੰਗਾ, ਹੈੱਡ ਮਿਸਟ੍ਰੈਸ ਰਿਤਿਕਾ ਸੋਨੀ, ਜੀਐਮ ਰਿਟਾਇਰਡ ਕਰਨਲ ਪਿਊਸ਼ ਬੇਰੀ, ਏਵੀਪੀ ਸੀਨੀਅਰ ਸੈਕੰਡਰੀ ਸੌਰਭ ਬਾਂਬਾ, ਏਵੀਪੀ ਐਲੀਮੈਂਟਰੀ ਪ੍ਰੀਤੀ ਸੇਠੀ, ਏਜੀਐਮ ਐਕਟੀਵਿਟੀ ਹੀਨਾ ਅਰੋੜਾ, ਕੋਆਰਡੀਨੇਟਰ ਸੀਮਾ ਅਰੋੜਾ, ਐਕਟੀਵਿਟੀ ਕੋਆਰਡੀਨੇਟਰ ਲੀਸ਼ਾ ਅਤੇ ਹੋਰ ਮੌਜ਼ੂਦ ਸਨ।



