Punjab

ਡੀਡਾ ਸਾਂਸੀਆਂ ਵਿਖੇ ਨਸ਼ਾ ਤਸਕਰ ਦੀ ਨਜਾਇਜ਼ ਉਸਾਰੀ ਉੱਪਰ ਚੱਲਿਆ ਬੁਲਡੋਜ਼ਰ

ਦੀਨਾਨਗਰ, 27 ਮਈ- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ੇ ਦੇ ਗੜ੍ਹ ਵਜੋਂ ਬਦਨਾਮ ਪਿੰਡ ਡੀਡਾ ਸਾਂਸੀਆਂ ਵਿਖੇ ਪ੍ਰਸ਼ਾਸ਼ਨ ਦੀ ਬੁਲਡੋਜ਼ਰ ਕਾਰਵਾਈ ਲਗਾਤਾਰ ਜਾਰੀ ਹੈ। ਲੰਘੀ 15 ਮਈ ਨੂੰ ਪਿੰਡ ਡੀਡਾ ਸਾਂਸੀਆਂ ਵਿਖੇ ਦੋ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਹਿ ਢੇਰੀ ਕਰਨ ਮਗਰੋਂ ਅੱਜ ਇਕ ਵਾਰ ਮੁੜ ਤੋਂ ਪ੍ਰਸ਼ਾਸ਼ਨ ਨੇ ਕਾਰਵਾਈ ਕਰਦਿਆਂ ਪਿੰਡ ਡੀਡਾ ਸਾਂਸੀਆਂ ਵਿਖੇ ਗੁਲਸ਼ਨ ਉਰਫ ਟੋਨੀ ਨਾਂ ਤੇ ਇਕ ਨਸ਼ਾ ਤਸਕਰ ਵੱਲੋਂ ਨਹਿਰੀ ਵਿਭਾਗ ਦੀ ਜਮੀਨ ਉੱਪਰ ਨਜਾਇਜ਼ ਕਬਜਾ ਕਰਕੇ ਕੀਤੀ ਗਈ ਉਸਾਰੀ ਨੂੰ ਢਹਿ ਢੇਰੀ ਕਰ ਦਿੱਤਾ ਹੈ। ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਬੁਲਡੋਜ਼ਰ ਕਾਰਵਾਈ ਮੌਕੇ ਐੱਸਐੱਸਪੀ ਗੁਰਦਾਸਪੁਰ ਅਦਿੱਤਯ, ਐੱਸਪੀ (ਡੀ) ਜੁਗਰਾਜ ਸਿਘ ਅਤੇ ਡੀਐੱਸਪੀ ਰਜਿੰਦਰ ਮਿਨਹਾਸ ਦੇ ਇਲਾਵਾ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਰਹੇ। ਬੁਲਡੋਜ਼ਰ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਗੁਰਦਾਸਪੁਰ ਆਦਿੱਤਯ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਵੱਲੋਂ ਪੁਲਿਸ ਨੂੰ ਦਿੱਤੀ ਗਈ ਰਿਪੋਰਟ ਅਨੁਸਾਰ ਗੁਲਸ਼ਨ ਕੁਮਾਰ ਉਰਫ ਟੋਨੀ ਪੁੱਤਰ ਮਲਕੀਅਤ ਵਾਸੀ ਡੀਡਾ ਸਾਂਸੀਆਂ ਨੇ ਨਹਿਰੀ ਵਿਭਾਗ ਦੀ ਜਮੀਨ ਉੱਪਰ ਨਜਾਇਜ਼ ਉਸਾਰੀ ਕੀਤੀ ਹੋਈ ਸੀ। ਗੁਲਸ਼ਨ ਕੁਮਾਰ ਉਰਫ ਟੋਨੀ ਨਸ਼ਿਆਂ ਦੇ ਕਾਰੋਬਾਰ ਚ ਸ਼ਾਮਲ ਹੈ, ਜਿਸ ਉੱਤੇ 21 ਦੇ ਕਰੀਬ ਮੁਕਦਮੇ ਦਰਜ ਹਨ ਅਤੇ ਇਸ ਵੇਲੇ ਨਸ਼ਿਆਂ ਦੇ ਮਾਮਲੇ ਚ ਜੇਲ੍ਹ ਅੰਦਰ ਬੰਦ ਹੈ। ਇਸ ਮੌਕੇ ਐੱਸਐੱਚਓ ਅਮ੍ਰਿਤਪਾਲ ਸਿੰਘ, ਐੱਸਐੱਚਓ ਜਤਿੰਦਰ ਪਾਲ, ਨਹਿਰੀ ਵਿਭਾਗ ਦੇ ਪਟਵਾਰੀ ਰਣਜੀਤ ਸਿੰਘ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਸਨ। ਨਸ਼ਾ ਤਸਕਰ ਦਾ ਘਰ ਵੇਖ ਕੇ ਹੈਰਾਨ ਹੋਏ ਪੁਲਿਸ ਅਧਿਕਾਰੀ ਡੀਡਾ ਸਾਂਸੀਆਂ ਵਿਖੇ ਪ੍ਰਸ਼ਾਸ਼ਨ ਜਦੋਂ ਅੱਜ ਬੁਲਡੋਜ਼ਰ ਕਾਰਵਾਈ ਲਈ ਨਸ਼ਾ ਤਸਕਰ ਗੁਲਸ਼ਨ ਉਰਫ ਟੋਨੀ ਦੇ ਘਰ ਪੁੱਜਾ ਤਾਂ ਨਸ਼ਾ ਤਸਕਰ ਦਾ ਸ਼ਾਨਦਾਰ ਕੋਠੀ ਅਤੇ ਕੋਠੀ ਦੇ ਅੰਦਰ ਮੌਜੂਦ ਐਸ਼ੋ ਅਰਾਮ ਦੀਆਂ ਸਹੂਲਤਾਂ ਵੇਖ ਕੇ ਅਧਿਕਾਰੀ ਦੰਗ ਰਹਿ ਗਏ। ਨਸ਼ਾ ਤਸਕਰ ਵੱਲੋਂ ਹੋਰਨਾਂ ਸਹੂਲਤਾਂ ਦੇ ਇਲਾਵਾ ਘਰ ਦੇ ਵਿਹੜੇ ਚ ਖੁੱਲਾ ਡੁੱਲਾ ਤੇ ਸ਼ਾਨਦਾਰ ਸਵਿੰਮਿੰਗ ਪੂਲ ਵੀ ਬਣਾਇਆ ਹੋਇਆ ਸੀ, ਜਿਸਨੂੰ ਬੁਲਡੋਜਰ ਕਾਰਵਾਈ ਦੌਰਾਨ ਢਹਿ ਢੇਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਅੱਜ ਦੀ ਕਾਰਵਾਈ ਦੌਰਾਨ ਨਸ਼ਾ ਤਸਕਰ ਦੇ ਘਰ ਦਾ ਸਿਰਫ ਕੁਝ ਹਿੱਸਾ ਹੀ ਢਾਹਿਆ ਗਿਆ ਹੈ ਕਿਉਂਕਿ ਬਾਕੀ ਹਿੱਸੇ ਦੀ ਨਿਸ਼ਾਨਦੇਹੀ ਸਬੰਧੀ ਸਥਿਤੀ ਸਪਸ਼ਟ ਨਹੀਂ ਹੈ। ਨਹਿਰੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਨਸ਼ਾ ਤਸਕਰ ਦੇ ਪਰਿਵਾਰ ਵੱਲੋਂ ਨਿਸ਼ਾਨਦੇਹੀ ’ਚ ਵਿਘਨ ਪਾਏ ਜਾਣ ਕਾਰਨ ਨਿਸ਼ਾਨਦੇਹੀ ਸਿਰੇ ਨਹੀਂ ਸੀ ਚੜ੍ਹ ਸਕੀ। 2021 ’ਚ ਨਕਲੀ ਸੀਬੀਆਈ ਟੀਮ ਨੇ ਵੀ ਲੁੱਟਿਆ ਸੀ ਇਸ ਨਸ਼ਾ ਤਸਕਰ ਦਾ ਘਰ ਜਿਸ ਨਸ਼ਾ ਤਸਕਰ ਗੁਲਸ਼ਨ ਉਰਫ ਟੋਨੀ ਦੇ ਘਰ ਨੂੰ ਅੱਜ ਪੰਜਾਬ ਸਰਕਾਰ ਦੀ ਬੁਲਡੋਜ਼ਰ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਇੱਥੇ ਕੁਝ ਲੋਕਾਂ ਵੱਲੋਂ ਸਾਲ 2021 ਵਿੱਚ ਫਿਲਮੀ ਅੰਦਾਜ਼ ਵਿੱਚ ਨਕਲੀ ਸੀਬੀਆਈ ਦੀ ਟੀਮ ਬਣ ਕੇ ਲੁੱਟ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਗਿਆ ਸੀ। 3 ਜੂਨ 2021 ਨੂੰ ਦੋ ਕਾਰਾਂ ਵਿੱਚ ਸਵਾਰ ਹੋ ਕੇ ਆਏ ਸੱਤ ਲੁਟੇਰਿਆਂ, ਜਿਨ੍ਹਾਂ ਵਿੱਚ ਇਕ ਔਰਤ ਵੀ ਸ਼ਾਮਲ ਸੀ, ਨੇ ਨਕਲੀ ਸੀਬੀਆਈ ਦੀ ਟੀਮ ਬਣ ਕੇ ਤੜਕੇ ਚਾਰ ਵਜੇ ਨਸ਼ਾ ਤਸਕਰ ਗੁਲਸ਼ਨ ਉਰਫ ਟੋਨੀ ਦੇ ਇਸ ਘਰ ਉੱਪਰ ਧਾਵਾ ਬੋਲ ਦਿੱਤਾ ਸੀ। ਸੀਬੀਆਈ ਦੀ ਟੀਮ ਬਣ ਕੇ ਘਰ ਦੀ ਜਾਂਚ ਕਰਨ ਦੇ ਬਹਾਨੇ ਘਰ ਅੰਦਰ ਦਾਖਲ ਹੋਏ ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਘਰ ਦੇ ਅੰਦਰੋਂ ਭਾਰੀ ਮਾਤਰਾ ਵਿੱਚ ਸੋਨਾ ਅਤੇ ਨਗਦੀ ਲੁੱਟ ਲਈ ਸੀ। ਹਾਲਾਂਕਿ ਪੁਲਿਸ ਨੇ ਕੁਝ ਹੀ ਸਮੇਂ ਚ ਮਾਮਲੇ ਨੂੰ ਸੁਲ਼ਝਾ ਲਿਆ ਸੀ। ਬੁਲਡੋਜ਼ਰ ਕਾਰਵਾਈ ਨਾਲ ਪਿੰਡ ਚ ਦਹਿਸ਼ਤ ਦਾ ਮਹੌਲ ਨਸ਼ੇ ਦੇ ਗੜ੍ਹ ਵਜੋਂ ਬਦਨਾਮ ਪਿੰਡ ਡੀਡਾ ਸਾਂਸੀਆਂ ਵਿਖੇ ਬੁਲਡੋਜ਼ਰ ਕਾਰਵਾਈ ਮਾਮਲੇ ਵਿੱਚ ਪ੍ਰਸ਼ਾਸ਼ਨ ਵੱਲੋਂ ਹੁਣ ਤੱਕ ਭਾਵੇਂ ਨਸ਼ਾ ਤਸਕਰਾਂ ਦੇ ਸਿਰਫ ਤਿੰਨ ਘਰਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ ਪਰ ਮਿਲੀ ਸੂਚਨਾ ਅਨੁਸਾਰ ਪਿੰਡ ਡੀਡਾ ਸਾਂਸੀਆਂ ਦੇ ਅਜੇ ਹੋਰ 68 ਘਰ ਇਸ ਕਤਾਰ ਵਿੱਚ ਹਨ। ਜੋ ਕਿ ਨਹਿਰੀ ਵਿਭਾਗ ਦੀ ਜਮੀਨ ਉੱਪਰ ਨਜਾਇਜ ਕਬਜਾ ਕਰਕੇ ਉਸਾਰੇ ਗਏ ਹਨ ਅਤੇ ਇਹਨਾਂ ਘਰਾਂ ਨੂੰ ਪ੍ਰਸ਼ਾਸ਼ਨ ਦੀ ਬੁਲਡੋਜ਼ਰ ਕਾਰਵਾਈ ਦੇ ਕਿਸੇ ਵੇਲੇ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਮਈ ਮਹੀਨੇ ਦੇ ਦੌਰਾਨ ਹੀ ਪ੍ਰਸ਼ਾਸ਼ਨ ਦੀ ਦੂਜੀ ਬੁਲਡੋਜ਼ਰ ਕਾਰਵਾਈ ਨੇ ਬਾਕੀ ਘਰਾਂ ਨੂੰ ਵੀ ਫਿਕਰਾਂ ਚ ਪਾਇਆ ਹੋਇਆ ਹੈ।

Related Articles

Leave a Reply

Your email address will not be published. Required fields are marked *

Back to top button