
ਦੀਨਾਨਗਰ, , 4 ਅਗਸਤ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦਿਆਂ ਨਹਿਰੀ ਵਿਭਾਗ ਵੱਲੋਂ ਅੱਜ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆਂ ਵਿਖੇ ਨਹਿਰੀ ਵਿਭਾਗ ਦੀ ਜਮੀਨ ਉੱਪਰ ਨਾਜਾਇਜ਼ ਕਬਜ਼ਾ ਕਰਕੇ ਉਸਾਰੇ ਗਏ ਨਸ਼ਾ ਤਸਕਰ ਦੇ ਘਰ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਈ ਬੁਲਡੋਜ਼ਰ ਕਾਰਵਾਈ ਮੌਕੇ ਐੱਸਐੱਸਪੀ ਗੁਰਦਾਸਪੁਰ ਆਦਿੱਤਿਆ, ਐੱਸਡੀਐੱਮ ਦੀਨਾਨਗਰ ਜਸਪਿੰਦਰ ਸਿੰਘ, ਡੀਐਸਪੀ ਦੀਨਾਨਗਰ ਰਜਿੰਦਰ ਸਿੰਘ ਮਿਨਹਾਸ ਅਤੇ ਨਹਿਰੀ ਵਿਭਾਗ ਦੇ ਐੱਸਡੀਓ ਮੋਹਿਤ ਸਿੰਘ ਵੀ ਉਚੇਚੇ ਤੌਰ ਤੇ ਮੌਜੂਦ ਰਹੇ। ਜਾਣਕਾਰੀ ਦਿੰਦਿਆਂ ਐੱਸਐੱਸਪੀ ਅਦਿੱਤਿਆ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਨੇ ਪੁਲਿਸ ਨੂੰ ਲਿਖਤੀ ਰੂਪ ਵਿੱਚ ਰਿਪੋਰਟ ਦਿੱਤੀ ਸੀ ਕਿ ਪਿੰਡ ਡੀਡਾ ਸਾਂਸੀਆਂ ਵਿਖੇ ਵਿਕਰਾਂਤ ਪੁੱਤਰ ਸੋਮ ਨਾਥ ਨੇ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਨਜਾਇਜ ਕਬਜ਼ਾ ਕਰਕੇ ਘਰ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਦੇ ਅਧਾਰ ਤੇ ਪੁਲਿਸ ਅੱਜ ਜਲ ਸਰੋਤ ਵਿਭਾਗ ਦੀ ਟੀਮ ਦੇ ਨਾਲ ਮੌਕੇ ਤੇ ਪੁੱਜੀ ਹੈ ਅਤੇ ਨਹਿਰੀ ਵਿਭਾਗ ਦੀ ਜਮੀਨ ਉੱਪਰ ਨਾਜਾਇਜ਼ ਕਬਜ਼ਾ ਕਰਨ ਵਾਲੇ ਵਿਕਰਾਂਤ ਵੱਲੋਂ ਜਲ ਸਰੋਤ ਵਿਭਾਗ ਦੀ ਜਮੀਨ ਉੱਪਰ ਕੀਤੀ ਗਈ ਨਾਜਾਇਜ਼ ਉਸਾਰੀ ਨੂੰ ਤੋੜਿਆ ਗਿਆ ਹੈ। ਐੱਸਐੱਸਪੀ ਆਦਿੱਤਿਆ ਨੇ ਦੱਸਿਆ ਕਿ ਵਿਕਰਾਂਤ ਦੇ ਖਿਲਾਫ ਐੱਨਡੀਪੀਐੱਸ ਦੇ 6 ਮਾਮਲੇ ਦਰਜਨ ਹਨ। ਇਸ ਮੌਕੇ ਤੇ ਐਸਐਚਓ ਦੀਨਾਨਗਰ ਦਵਿੰਦਰ ਸਿੰਘ, ਐਸਐਚਓ ਪੁਰਾਣਾ ਸ਼ਾਲਾ ਸਾਹਿਲ ਪਠਾਣੀਆ, ਐਸਐਚਓ ਦੋਰਾਂਗਲਾ ਮੋਹਨ ਲਾਲ ਦੇ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਮੌਜੂਦ ਸਨ। ਡੀਡਾ ਸਾਂਸੀਆਂ ਚ ਹੁਣ ਤੱਕ ਪੰਜ ਨਸ਼ਾ ਤਸਕਰਾਂ ਦੇ ਘਰਾਂ ਉੱਪਰ ਚੱਲਿਆ ਬੁਲਡੋਜ਼ਰ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਵਿੱਢੇ ਗਏ ਯੁੱਧ ਨਸ਼ਿਆਂ ਵਿਰੁੱਧ ਦੌਰਾਨ ਨਸ਼ਿਆਂ ਦੇ ਗੜ੍ਹ ਵਜੋਂ ਬਦਨਾਮ ਦੀਨਾਨਗਰ ਪੁਲਿਸ ਥਾਣੇ ਦੇ ਪਿੰਡ ਡੀਡਾ ਸਾਂਸੀਆਂ ਵਿਖੇ ਨਸ਼ਾ ਤਸਕਰ ਵਿਕਰਾਂਤ ਦੇ ਘਰ ਉੱਪਰ ਕੀਤੀ ਗਈ ਇਹ ਪੰਜਵੀਂ ਬੁਲਡੋਜ਼ਰ ਕਾਰਵਾਈ ਹੈ। ਇਸ ਤੋਂ ਪਹਿਲਾਂ ਲੰਘੀ 16 ਜੁਲਾਈ ਨੂੰ ਰਾਜਨ ਕੁਮਾਰ ਉਰਫ ਲਾਡੀ ਪੁਤੱਰ ਜਰਨੈਲ ਚੰਦ ਦੇ ਘਰ ਉੱਪਰ। 27 ਮਈ ਨੂੰ ਨਸ਼ਾ ਤਸਕਰ ਗੁਲਸ਼ਨ ਕੁਮਾਰ ਉਰਫ ਟੋਨੀ ਪੁੱਤਰ ਮਲਕੀਅਤ ਦੇ ਨਹਿਰੀ ਵਿਭਾਗ ਦੀ ਜਮੀਨ ਉੱਪਰ ਉਸਾਰੇ ਗਏ ਨਾਜਾਇਜ਼ ਕਬਜੇ ਉੱਪਰ ਅਤੇ 15 ਮਈ ਨੂੰ ਦੋ ਨਸ਼ਾ ਤਸਕਰ ਸਕੇ ਭਰਾਵਾਂ ਬਲਜਿੰਦਰ ਉਰਫ ਮੂੰਗਾ ਅਤੇ ਲਖਵਿੰਦਰ ਉਰਫ ਲੂਚਾ ਪੁੱਤਰ ਹਰਦੀਪ ਲਾਲ ਦੇ ਘਰਾਂ ਨੂੰ ਵੀ ਪੰਜਾਬ ਸਰਕਾਰ ਦੀ ਬੁਲਡੋਜ਼ਰ ਕਾਰਵਾਈ ਤਹਿਤ ਢਾਹਿਆ ਜਾ ਚੁੱਕਿਆ ਹੈ। ਪੁਲਿਸ ਵੱਲੋਂ ਤੋੜੇ ਗਏ ਨਾਜਾਇਜ਼ ਕਬਜੇ ਨੂੰ ਨਸ਼ਾ ਤਸਕਰ ਨੇ ਮੁੜ ਮੱਲਿਆ, ਪ੍ਰਸ਼ਾਸ਼ਨ ਨੇ ਫਿਰ ਢਾਹਿਆ ਨਸ਼ੇ ਦੇ ਗੜ੍ਹ ਵਜੋਂ ਬਦਨਾਮ ਪਿੰਡ ਡੀਡਾ ਸਾਂਸੀਆਂ ਵਿਖੇ ਪੰਜਾਬ ਸਰਕਾਰ ਦੀ ਬੁਲਡੋਜ਼ਰ ਕਾਰਵਾਈ ਤਹਿਤ ਲੰਘੀ 27 ਮਈ ਨੂੰ ਨਸ਼ਾ ਤਸਕਰ ਗੁਲਸ਼ਨ ਟੋਨੀ ਦੀ ਢਾਹੀ ਗਈ ਨਾਜਾਇਜ਼ ਉਸਾਰੀ ਵਾਲੀ ਜਮੀਨ ਨੂੰ ਨਸ਼ਾ ਤਸਕਰ ਗੁਲਸ਼ਨ ਟੋਨੀ ਵੱਲੋਂ ਮੁੜ ਕਬਜੇ ਚ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਪ੍ਰਸ਼ਾਸ਼ਨ ਵੱਲੋਂ ਲੰਘੀ 27 ਮਈ ਨੂੰ ਪਿੰਡ ਡੀਡਾ ਸਾਂਸੀਆਂ ਵਿਖੇ ਨਸ਼ਾ ਤਸਕਰ ਗੁਲਸ਼ਨ ਟੋਨੀ ਦੇ ਘਰ ਉੱਪਰ ਬੁਲਡੋਜ਼ਰ ਕਾਰਵਾਈ ਨੂੰ ਅੰਜਾਮ ਦਿੰਦਿਆਂ ਨਹਿਰੀ ਵਿਭਾਗ ਦੀ ਜਮੀਨ ਚ ਲਾਏ ਗਏ ਘਰ ਦੇ ਗੇਟ ਅਤੇ ਚਾਰਦੀਵਾਰੀ ਦੇ ਇਲਾਵਾ ਕੁਝ ਕਮਰਿਆਂ ਅਤੇ ਘਰ ਅੰਦਰ ਬਣਾਏ ਗਏ ਆਲੀਸ਼ਾਨ ਸਵੀਮਿੰਗ ਪੂਲ ਨੂੰ ਵੀ ਤੋੜਿਆ ਗਿਆ ਸੀ। ਪਰ ਅੱਜ ਜਦੋਂ ਪੁਲਿਸ ਮੁੜ ਪਿੰਡ ਡੀਡਾ ਸਾਂਸੀਆਂ ਵਿਖੇ ਨਸ਼ਾ ਤਸਕਰ ਵਿਕਰਾਂਤ ਦੇ ਘਰ ਉੱਪਰ ਪ੍ਰਸ਼ਾਸ਼ਨਿਕ ਕਾਰਵਾਈ ਲਈ ਪੁੱਜੀ ਤਾਂ ਸਾਹਮਣੇ ਆਇਆ ਕਿ ਨਸ਼ਾ ਤਸਕਰ ਗੁਲਸ਼ਨ ਟੋਨੀ ਵੱਲੋਂ ਸਰਕਾਰ ਵੱਲੋਂ ਢਾਹੀ ਗਈ ਚਾਰਦੀਵਾਰੀ ਦੀ ਥਾਂ ਤੇ ਲੋਹੇ ਦੇ ਐਂਗਲ ਗੱਡ ਕੇ ਕੰਡਿਆਲੀ ਤਾਰ ਅਤੇ ਹਰੀ ਜਾਲੀ ਲਗਾ ਕੇ ਗੇਟ ਦੀ ਉਸਾਰੀ ਵੀ ਕਰ ਲਈ ਗਈ ਹੋਈ ਸੀ। ਜਿਸ ਮਗਰੋਂ ਨਹਿਰੀ ਵਿਭਾਗ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਮੁੜ ਕੀਤੇ ਗਏ ਕਬਜੇ ਨੂੰ ਇਕ ਵਾਰ ਮੁੜ ਤੋਂ ਢਾਹ ਦਿੱਤਾ ਗਿਆ ਹੈ। ਪ੍ਰਸ਼ਾਸ਼ਨ ਵੱਲੋਂ ਛੁਡਵਾਏ ਗਏ ਕਬਜੇ ਨੂੰ ਨਸ਼ਾ ਤਸਕਰ ਵੱਲੋਂ ਮੁੜ ਕਬਜ਼ਾਏ ਜਾਣ ਤੇ ਨਹਿਰੀ ਵਿਭਾਗ ਦੇ ਐਸਡੀਓ ਨੇ ਕਿਹਾ ਕਿ ਉਹ ਪੁਲਿਸ ਵਿਭਾਗ ਨੂੰ ਨਸ਼ਾ ਤਸਕਰ ਗੁਲਸ਼ਨ ਟੋਨੀ ਦੇ ਖਿਲਾਫ ਕਾਰਵਾਈ ਲਈ ਲਿਖਣਗੇ। ਇਸ ਸਬੰਧ ਵਿੱਚ ਐੱਸਐੱਸਪੀ ਅਦਿੱਤਿਆ ਨੇ ਵੀ ਕਿਹਾ ਕਿ ਜੇਕਰ ਨਹਿਰੀ ਵਿਭਾਗ ਪੁਲਿਸ ਨੂੰ ਸ਼ਿਕਾਇਤ ਕਰਦਾ ਹੈ ਤਾਂ ਪੁਲਿਸ ਬਣਦੀ ਕਾਰਵਾਈ ਕਰੇਗੀ।



