
ਅੰਮ੍ਰਿਤਸਰ, 26 ਫਰਵਰੀ- ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਰਾਮਬਾਗ ਇਲਾਕੇ ਵਿਚ ਨਿਰਧਾਰਤ ਸਮੇਂ ਤੋਂ ਬਾਅਦ ਡੀਜੇ ਨੂੰ ਬੰਦ ਕਰਵਾਉਣ ਦੀ ਬਜਾਏ ਖੁਦ ਨੱਚਣ ਵਾਲੀ ਪੁਲਿਸ ਪਾਰਟੀ ਨੂੰ ਮੁਅੱਤਲ ਕਰ ਦਿੱਤਾ ਹੈ। ਇੰਨਾ ਹੀ ਨਹੀਂ ਦੋਵਾਂ ਨੂੰ ਹੁਣ ਪੁਲਿਸ ਲਾਈਨ ਵਿਚ ਡਿਊਟੀ ਕਰਨੀ ਪਵੇਗੀ। ਸੀਪੀ ਕੋਲ ਹੋਰ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ। ਪੁਲਿਸ ਅਧਿਕਾਰੀਆਂ ਨੇ ਮੁਅੱਤਲ ਕੀਤੇ ਗਏ ਪੁਲਿਸ ਮੁਲਾਜ਼ਮਾਂ ਦੀ ਪਛਾਣ ਏਐੱਸਆਈ ਪ੍ਰੇਮ ਨਾਥ ਅਤੇ ਹਰਿੰਦਰ ਸਿੰਘ ਵਜੋਂ ਕੀਤੀ ਹੈ। ਏਐੱਸਆਈ ਪ੍ਰੇਮ ਨਾਥ ਅਤੇ ਏਐੱਸਆਈ ਹਰਿੰਦਰ ਸਿੰਘ ਕੁਝ ਦਿਨ ਪਹਿਲਾਂ ਪੁਲਿਸ ਕੰਟਰੋਲ ਰੂਮ ਵਿਚ ਮਿਲੀ ਸ਼ਿਕਾਇਤ ਦੇ ਹੱਲ ਲਈ ਰਾਮਬਾਗ ਇਲਾਕੇ ’ਚ ਪਹੁੰਚੇ ਸਨ। ਸ਼ਿਕਾਇਤ ਇਹ ਸੀ ਕਿ ਰਾਤ 12 ਵਜੇ ਦੇ ਕਰੀਬ ਵਿਆਹ ਸਮਾਗਮ ’ਚ ਡੀਜੇ ਚਲਾਇਆ ਜਾ ਰਿਹਾ ਸੀ। ਜਦੋਂ ਉਹ ਦੋਵੇਂ ਮੌਕੇ ’ਤੇ ਪਹੁੰਚੇ ਤਾਂ ਸ਼ਿਕਾਇਤਕਰਤਾ ਨੂੰ ਉੱਥੇ ਬੁਲਾਇਆ ਗਿਆ ਪਰ ਗੁਆਂਢ ’ਚ ਇਕ ਵਿਆਹ ਹੋਣ ਕਾਰਨ ਸ਼ਿਕਾਇਤਕਰਤਾ ਪੁਲਿਸ ਅਤੇ ਗੁਆਂਢੀਆਂ ਦੇ ਸਾਹਮਣੇ ਖੁੱਲ੍ਹ ਕੇ ਸਾਹਮਣੇ ਨਹੀਂ ਆਉਣਾ ਚਾਹੁੰਦਾ ਸੀ। ਜਦੋਂ ਸ਼ਿਕਾਇਤਕਰਤਾ ਪਿੱਛੇ ਹਟਿਆ ਤਾਂ ਦੋਵੇਂ ਪੁਲਿਸ ਮੁਲਾਜ਼ਮਾਂ ਨੇ ਰਾਤ 12 ਵਜੇ ਤੋਂ ਬਾਅਦ ਟੱਲੀ ਹੋ ਕੇ ਡੀਜੇ ‘ਤੇ ਨੱਚਣ ਲੱਗ ਪਏ। ਉੱਥੇ ਮੌਜੂਦ ਲੋਕਾਂ ਨੇ ਇਕ ਵੀਡੀਓ ਬਣਾਈ ਅਤੇ ਵਾਇਰਲ ਕਰ ਦਿੱਤੀ, ਜਿਸਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ।



