
ਐੱਸਏਐੱਸ ਨਗਰ, 25 ਜੁਲਾਈ : ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸ਼ੁੱਕਰਵਾਰ ਨੂੰ ਬਲੌਂਗੀ ਦਾ ਦੌਰਾ ਕੀਤਾ ਅਤੇ ਵਸਨੀਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸੀ ਆਗੂ ਗੁਰਮੀਤ ਸਿੰਘ ਸਿਆਣ ਵੀ ਮੌਜੂਦ ਸਨ। ਬੇਦੀ ਨੇ ਦੱਸਿਆ ਕਿ ਬਲੌਂਗੀ ਦੇ ਵਸਨੀਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਸ਼ਿਕਾਰ ਹਨ ਅਤੇ ਬਹੁਤ ਬੁਰੇ ਹਾਲਾਤਾਂ ਵਿਚੋਂ ਲੰਘ ਰਹੇ ਹਨ। ਉਨ੍ਹਾਂ ਦੱਸਿਆ ਕਿ ਬਲੌਂਗੀ ਸ਼ਿਵ ਮੰਦਰ ਤੋਂ ਲੈ ਕੇ ਪੁਲਿਸ ਚੌਕੀ ਤਕ ਵਾਲੀ ਸੜਕ ਬੇਹੱਦ ਖ਼ਸਤਾਹਾਲ ਹੈ। ਇੱਥੇ ਵੱਸਦੇ ਹਜ਼ਾਰਾਂ ਮਜ਼ਦੂਰ ਰੋਜ਼ਾਨਾ ਸਵੇਰੇ ਮੁਹਾਲੀ ਦੀਆਂ ਸੜਕਾਂ ਵਿਚ ਡਿਊਟੀਆਂ ਲਈ ਜਾਂਦੇ ਹਨ, ਪਰ ਖ਼ਰਾਬ ਸੜਕ, ਚਿੱਕੜ ਅਤੇ ਟੁੱਟੇ ਹੋਏ ਪੁਲਾਂ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ, ਇਲਾਕੇ ਵਿਚ ਪੀਣ ਵਾਲੇ ਪਾਣੀ ਦੀ ਵੀ ਭਾਰੀ ਕਮੀ ਹੈ ਅਤੇ ਵਧਦੀ ਆਬਾਦੀ ਦੇ ਨਾਲ ਸਾਫ਼ ਪਾਣੀ ਮਿਲਣਾ ਚੁਣੌਤੀ ਬਣ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਲਾਕੇ ਵਿਚੋਂ ਲੰਘਦੀ ਪਟਿਆਲਾ ਦੀ ਰਾਓ ਨਦੀ ਬੇਹੱਦ ਗੰਦੀ ਹੋ ਚੁੱਕੀ ਹੈ ਅਤੇ ਨਦੀ ਵਿਚੋਂ ਆਉਂਦੀ ਬਦਬੂ ਕਾਰਨ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਇੱਥੇ ਵੱਸਦੇ ਲੋਕਾਂ (ਜਿਨ੍ਹਾਂ ਵਿਚ ਅਕਸਰ ਝੁੱਗੀਆਂ-ਝੋਪੜੀਆਂ ਵਿਚ ਰਹਿਣ ਵਾਲੇ ਆਮ ਮਜ਼ਦੂਰ ਹਨ) ਦੀ ਸਿਹਤ ਲਈ ਇਹ ਹਾਲਾਤ ਬਹੁਤ ਹਾਨੀਕਾਰਕ ਹਨ। ਇਸ ਮੌਕੇ ਲੋਕਾਂ ਨੇ ਡਿਪਟੀ ਮੇਅਰ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਾ ਹੱਲ ਕਰਵਾਉਣ ਦੀ ਮੰਗ ਕੀਤੀ। ਡਿਪਟੀ ਮੇਅਰ ਨੇ ਭਰੋਸਾ ਦਿੱਤਾ ਕਿ ਵੱਖ-ਵੱਖ ਵਿਭਾਗਾਂ ਨਾਲ ਗੱਲ ਕਰਕੇ ਇਨ੍ਹਾਂ ਮੁੱਦਿਆਂ ਨੂੰ ਜਲਦ ਹੱਲ ਕਰਵਾਇਆ ਜਾਵੇਗਾ। ਬੇਦੀ ਨੇ ਕਿਹਾ ਕਿ ਬਲੌਂਗੀ ਦੇ ਵਸਨੀਕਾਂ ਲਈ ਸੜਕਾਂ, ਹਵਾ ਅਤੇ ਪਾਣੀ ਸਭ ਖ਼ਰਾਬ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਸਵੇਰੇ ਨੌਕਰੀਆਂ ਤੇ ਜਾਂਦਾ ਹੈ ਤਾਂ ਬਲੌਂਗੀ ਦੀ ਪੁਲੀ ਦੇ ਨਾਲ ਵਾਲੇ ਰਸਤੇ ਵਿਚ ਬਰਸਾਤ ਦੇ ਮੌਕੇ ਚਿੱਕੜ ਹੋ ਜਾਂਦਾ ਹੈ, ਜਿਸ ਨਾਲ ਲੋਕਾਂ ਦਾ ਲਾਂਘਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾਂ ਮੁਹਾਲੀ ਦੇ ਡਿਪਟੀ ਕਮਿਸ਼ਨਰ, ਸਿੰਚਾਈ ਵਿਭਾਗ ਅਤੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਟਿਆਲਾ ਤੋਂ ਆਉਂਦੀ ਰਾਓ ਨਦੀ ਦੀ ਤੁਰੰਤ ਸਫਾਈ ਕਰਵਾਈ ਜਾਵੇ ਅਤੇ ਪਾਣੀ ਦੀ ਸਪਲਾਈ ਸੁਚਾਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਚਾਇਤ, ਸਿੰਚਾਈ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਮਿਲ ਕੇ ਇਸ ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਕਾਲੋਨੀ ਦੇ ਵਸਨੀਕ ਪ੍ਰੇਮ ਸ੍ਰੀਵਾਸਤਵ, ਲਾਲ ਬਹਾਦੁਰ, ਮਨੋਹਰ, ਵਰਿੰਦਰ ਸ਼ਰਮਾ, ਜੱਬਾਰ, ਜਨਾਰਦਨ ਸ਼ਰਮਾ ਆਦਿ ਹਾਜ਼ਰ ਸਨ।



