Punjab

ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਬੀਕੇਯੂ ਉਗਰਾਹਾਂ ਦਾ ਵੱਡਾ ਇਕੱਠ

ਪਟਿਆਲਾ, 21 ਜੂਨ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠੋਈ ਕਲਾਂ ਦੀ ਜ਼ਮੀਨ ਮਾਮਲੇ ’ਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਵੱਡੀ ਇਕੱਤਰਤਾ ਕੀਤੀ ਗਈ, ਜਿਸ ਵਿਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਕਿਸਾਨ ਔਰਤਾਂ ਅਤੇ ਮਰਦਾਂ ਨੇ ਸ਼ਮੂਲੀਅਤ ਕੀਤੀ। ਇਹ ਇਕੱਤਰਤਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਭਾਈਚਾਰਕ ਏਕਤਾ ਨੂੰ ਭੰਗ ਕਰ ਕੇ ਕਿਸਾਨਾਂ-ਮਜ਼ਦੂਰਾਂ ’ਚ ਫੁੱਟ ਪਾਉਣ ਦੇ ਰੋਸ ਵਜੋਂ ਕੀਤੀ ਗਈ। ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਭਾਕਿਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਅਪਣਾਈਆਂ ਨੀਤੀਆਂ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਕਿਸਾਨਾਂ ਨੂੰ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਲੋਕਾਂ ਦੇ ਮਸਲਿਆਂ ਦੇ ਹਲ ਕਰਨ ਦੇ ਸਮਰੱਥ ਨਹੀਂ ਹੁੰਦੀਆਂ ਤਾਂ ਇਹ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਕੋਝੀਆਂ ਚਾਲਾਂ ਨਾਲ ਤੋੜਦੀਆਂ ਹਨ ਤਾਂ ਜੋ ਕਾਰਪੋਰੇਟਾਂ ਦੇ ਹੇਜ ਪੁਗਾਏ ਜਾ ਸਕਣ। ਬਲਦੇਵ ਸਿੰਘ ਬਠੋਈ ਕਲਾਂ ਨੇ ਜ਼ਮੀਨ ’ਤੇ ਅਬਾਦਕਾਰਾਂ ਦੇ ਮਾਲਕੀ ਹੱਕਾਂ ਨੂੰ ਦਰੁਸਤ ਕਰਦੇ ਕਾਨੂੰਨੀ ਦਸਤਾਵੇਜ਼ਾਂ ਦਾ ਹਵਾਲਾ ਪੇਸ਼ ਕੀਤਾ। ਉਨ੍ਹਾਂ ਵੱਲੋਂ 1972 ਤੋਂ ਹੁਣ ਤੱਕ ਦੀਆਂ ਸਾਰੀਆਂ ਕਾਰਵਾਈਆਂ ਨੂੰ ਇਕੱਠ ਸਾਹਮਣੇ ਰੱਖਿਆ। ਇਨ੍ਹਾਂ ਤੋਂ ਇਲਾਵਾ ਸੂਬਾ ਆਗੂ ਝੰਡਾ ਸਿੰਘ ਨੇ ਦੱਸਿਆ ਕਿ ਸਰਕਾਰ ਪਿੰਡਾਂ ’ਚ ਕਿਸਾਨ ਮਜ਼ਦੂਰਾਂ ਤੇ ਹੋਰ ਕਿਰਤੀ ਲੋਕਾਂ ਨੂੰ ਜਾਤ, ਧਰਮ ਤੇ ਹੋਰ ਵੰਡ ਪਾਊ ਨੀਤੀਆਂ ਰਾਹੀਂ ਉਲਝਾ ਕੇ ਜ਼ਮੀਨਾਂ ਕੌਡੀਆਂ ਦੇ ਭਾਅ ਹਾਸਲ ਕਰ ਕੇ ਵੱਡੇ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੀ ਹੈ। ਆਗੂਆਂ ਨੇ ਦੱਸਿਆ ਕਿ ਸਰਕਾਰ ਲੈਂਡ ਬੈਂਕ ਬਣਾਉਣ ਦੇ ਮਨਸੂਬੇ ਤਹਿਤ ਪਹਿਲਾਂ ਸ਼ਾਮਲਾਤੀ, ਮਸਤਰਕਾ ਮਾਲਕ ਤੇ ਹੋਰ ਸਾਂਝੀਆਂ ਜ਼ਮੀਨਾਂ ਹੜੱਪਣ ਦੀ ਵਿਉਂਤ ਬਣਾਈ ਹੋਈ ਹੈ। ਇਸ ਤੋਂ ਬਾਅਦ ਲੈਂਡ ਪੂਲਿੰਗ, ਭਾਰਤ ਮਾਲਾ, ਰਿੰਗ ਰੋਡ, ਬਾਈਪਾਸ, ਅਰਬਨ ਅਸਟੇਟਾਂ ਤੇ ਹੋਰ ਬੇਲੋੜੇ ਪ੍ਰੋਜੈਕਟਾਂ ਰਾਹੀਂ ਪੰਜਾਬ ਦੀ ਵੱਡੀ ਗਿਣਤੀ ਨੂੰ ਜ਼ਮੀਨਾਂ ’ਚੋਂ ਬਾਹਰ ਕਰਨਾ ਹੈ। ਆਗੂਆਂ ਵੱਲੋਂ ਜਾਣੂ ਕਰਵਾਇਆ ਗਿਆ ਕਿ ਪੰਜਾਬ ਭਰ ’ਚ 700 ਪਿੰਡਾਂ ਦੀਆਂ ਜ਼ਮੀਨਾਂ ਨੂੰ ਸਰਕਾਰ ਪਹਿਲੇ ਸੱਟੇ ਹੜੱਪਣ ਲਈ ਤਰਲੋਮੱਛੀ ਹੋ ਰਹੀ ਹੈ। ਸੂਬਾ ਔਰਤ ਆਗੂ ਹਰਿੰਦਰ ਬਿੰਦੂ ਤੇ ਪਟਿਆਲਾ ਜ਼ਿਲ੍ਹੇ ਤੋਂ ਆਗੂ ਮਨਦੀਪ ਕੌਰ ਬਾਰਨ ਨੇ ਇਹ ਜ਼ਮੀਨਾਂ ਬਚਾਉਣ ਲਈ ਔਰਤਾਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਤੇ ਸ਼ਾਮਲ ਔਰਤਾਂ ਨੂੰ ਸੰਘਰਸ਼ਾਂ ਪ੍ਰਤੀ ਲਾਮਬੰਦ ਕੀਤਾ। ਆਗੂਆਂ ਵੱਲੋਂ ਇਸ ਮਾਮਲੇ ’ਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਤੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਢਾਅ ਲਗਾਉਣ ਦੇ ਕਾਰਜ ਕਰਨ ਦੇ ਦੋਸ਼ ਲਗਾਏ ਗਏ। ਕਿਸਾਨਾਂ ਨੇ ਮੰਗ ਕੀਤੀ ਗਈ ਕਿ ਡੀਡੀਪੀਓ ਪਟਿਆਲਾ ਅਤੇ ਬੀਡੀਪੀਓ ਪਟਿਆਲਾ-ਇਕ ਦੇ ਖਿਲਾਫ ਲੋਕਾਂ ਦੀ ਸਾਂਝ ਨੂੰ ਵਿਗਾੜਨ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ, ਜਗਤਾਰ ਕਾਲਾਝਾੜ, ਅਮਰੀਕ ਸਿੰਘ ਗੰਢੂਆਂ, ਜਸਵਿੰਦਰ ਸਿੰਘ ਬਰਾਸ, ਬਲਰਾਜ ਜੋਸ਼ੀ, ਸੁਖਮਿੰਦਰ ਸਿੰਘ ਬਾਰਨ, ਜਗਮੇਲ ਸਿੰਘ ਗਾਜੇਵਾਸ ਨੇ ਵੀ ਸੰਬੋਧਨ ਕੀਤਾ।

Related Articles

Leave a Reply

Your email address will not be published. Required fields are marked *

Back to top button