
ਫ਼ਤਹਿਗੜ੍ਹ ਸਾਹਿਬ, 24 ਜੁਲਾਈ : ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਇੱਕ ਨਾਗਰਿਕ ਨਾਲ ਹੋਈ ਕਰੀਬ 30 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਦੇਸ਼ ਦੇ ਵੱਖ—ਵੱਖ ਰਾਜਾਂ ਵਿੱਚ ਫੈਲੇ ਨੈਟਵਰਕ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਅੱਜ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਮੁਢਲੀ ਪੜਤਾਲ ਵਿੱਚ ਗਿਰੋਹ ਦੇ ਮਾਸਟਰ ਮਾਈਂਡ ਅਕਬਰ ਅਲੀ ਵਾਸੀ ਕੇਰਲਾ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ 9 ਲੱਖ ਰੁਪਏ ਬਰਾਮਦ ਕਰਕੇ, ਠੱਗੀ ਦਾ ਸਿ਼ਕਾਰ ਹੋਏ ਵਿਅਕਤੀ ਨੂੰ ਸੌਂਪੇ ਜਾ ਚੁੱਕੇ ਹਨ।ਐਸ.ਐਸ.ਪੀ ਨੇ ਦੱਸਿਆ ਕਿ ਇਸ ਗਿਰੋਹ ਦੇ 3 ਮੈਂਬਰ ਹਾਲੇ ਗ੍ਰਿਫਤ ਤੋਂ ਬਾਹਰ ਹਨ ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਹੋਰ ਖੁਲਾਸੇ ਕੀਤੇ ਜਾਣਗੇ। ਐੱਸਐੱਸਪੀ ਸ਼੍ਰੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਵੱਲੋਂ ਸਮੇੇਂ-ਸਮੇਂ ਤੇ ਜਾਰੀ ਹੋਣ ਵਾਲੀਆਂ ਗਾਈਡਲਾਈਨਜ਼ ਹੇਠ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਵਾਪਰਨ ਵਾਲੇ ਸਾਇਬਰ ਕਰਾਈਮ ਦੇ ਮਾਮਲਿਆਂ ਨੂੰ ਤਰਜੀਹ ਦੇ ਆਧਾਰ ‘ਤੇ ਹੱਲ ਕਰਨ ਲਈ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੈ।ਉਨ੍ਹਾਂ ਦੱਸਿਆ ਕਿ ਸਿ਼ਕਾਇਤਕਰਤਾ ਹਰਪਾਲ ਸਿੰਘ ਚੀਮਾ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਲੁਹਾਰੀ ਕਲਾਂ ਥਾਣਾ ਖੇੜੀ ਨੌਧ ਸਿੰਘ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਨੇ ਥਾਣਾ ਸਾਇਬਰ ਕਰਾਈਮ ਵਿਖੇ ਆ ਕੇ ਇਤਲਾਹ ਦਿੱਤੀ ਸੀ ਕਿ 5 ਅਪ੍ਰੈਲ 2025 ਨੂੰ ਉਸਦੇ ਮੋਬਾਇਲ ਫੋਨ ਉਤੇ ਦੋ ਵੱਖ—ਵੱਖ ਮੋਬਾਇਲ ਨੰਬਰਾਂ ਤੋਂ ਵਟਸਐਪ ਕਾਲ ਆਈ ਅਤੇ ਨਾਮਾਲੂਮ ਵਿਅਕਤੀਆਂ ਵੱਲੋਂ ਉਸਨੂੰ ਘਰ ਵਿੱਚ ਡਿਜੀਟਲ ਗ੍ਰਿਫਤਾਰੀ ਦਾ ਡਰਾਵਾ ਦੇ ਕੇ ਆਈਸੀਆਈਸੀ ਬੈਂਕ ਦੇ ਖਾਤੇ 30 ਲੱਖ ਰੁਪਏ ਟਰਾਂਸਫਰ ਕਰਵਾ ਲਏ ਸਨ।ਐਸ.ਐਸ.ਪੀ ਨੇ ਦੱਸਿਆ ਕਿ ਇਸ ਸਿ਼ਕਾਇਤ ਦੇ ਆਧਾਰ ‘ਤੇ ਨਾ—ਮਾਲੂਮ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰਬਰ 05 ਮਿਤੀ 10 ਅਪ੍ਰੈਲ 2025 ਅ/ਧ 318(4), 316(2), 61(2) ਬੀਐਨਐਸ ਥਾਣਾ ਸਾਇਬਰ ਕਰਾਈਮ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਐੱਸਪੀ ਇਨਵੈਸਟੀਗੇਸ਼ਨ ਰਾਕੇਸ਼ ਯਾਦਵ, ਡੀਐੱਸਪੀ ਹੈੱਡਕੁਆਰਟਰ ਹਰਤੇਸ਼ ਕੌਸਿ਼ਕ ਦੀ ਅਗਵਾਈ ਹੇਠ ਸਾਇਬਰ ਕਰਾਈਮ ਥਾਣੇ ਦੇ ਮੁੱਖ ਥਾਣਾ ਅਫਸਰ ਇੰਸ: ਦਵਿੰਦਰ ਸਿੰਘ ਦੀ ਟੀਮ ਇੰਸਪੈਕਟਰ ਸੰਦੀਪ ਸਿੰਘ, ਹੌਲਦਾਰ ਪਲਵਿੰਦਰ ਸਿੰਘ, ਮਹਿਲਾ ਸਿਪਾਹੀ ਰਮਨਦੀਪ ਬਾਵਾ ਵੱਲੋਂ ਤਕਨੀਤੀ ਤੇ ਸਾਈਂਟੀਫਿਕ ਢੰਗ ਨਾਲ ਲਗਨ ਤੇ ਮਿਹਨਤ ਨਾਲ ਕੰਮ ਕੀਤਾ ਗਿਆ ਅਤੇ ਮੁਕੱਦਮੇ ਵਿੱਚ 07 ਕਥਿਤ ਦੋਸ਼ੀ ਨਾਮਜ਼ਦ ਕੀਤੇ ਗਏ ਅਤੇ ਮਿਤੀ 13 ਮਈ 2025 ਨੂੰ ਮਨਿੰਦਰ ਸਿੰਘ, ਮਿਤੀ 16 ਮਈ 2025 ਨੂੰ ਅਨਿਲ ਕੁਮਾਰ ਤੇ ਨਵੀਨ ਸ਼ਰਮਾ ਅਤੇ ਮਿਤੀ 22 ਜੁਲਾਈ 2025 ਨੂੰ ਅਕਬਰ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਕਬਰ ਅਲੀ ਦੀ ਪੁੱਛਗਿੱਛ ਤੋਂ ਰਿਸ਼ਾਦ ਮੈਲਾਕਮ ਪੁੱਤਰ ਮੁਹੰਮਦ ਬਸ਼ੀਰ ਪੀ ਵਾਸੀ ਮਾਲਾਪੁਰਮ (ਕੇਰਲਾ) ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਮਾਣਯੋਗ ਅਦਾਲਤ ਤੋਂ ਦੋ ਦਿਨਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿਛ ਜਾਰੀ ਹੈ।ਉਨ੍ਹਾਂ ਦੱਸਿਆ ਕਿ ਅਕਬਰ ਅਲੀ ਖਿਲਾਫ਼ ਐਨ.ਡੀ.ਪੀ.ਐਸ ਤੇ ਸਾਇਬਰ ਕਰਾਈਮ ਦੀਆਂ ਹੋਰ ਸਿ਼ਕਾਇਤਾਂ ਵੀ ਦਰਜ ਹੋਣੀਆਂ ਪਾਈਆਂ ਗਈਆਂ ਹਨ। ਐੱਸਐੱਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਵਿਚੋਂ ਮਨਿੰਦਰ ਸਿੰਘ ਵੈਸਟ ਦਿੱਲੀ, ਨਵੀਨ ਸ਼ਰਮਾ ਵੈਸਟ ਦਿੱਲੀ ਅਤੇ ਅਨਿਲ ਕੁਮਾਰ ਨੋਇਡਾ ਦੇ ਵਸਨੀਕ ਹਨ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਲੋੜੀਂਦੇ ਤਿੰਨ ਹੋਰ ਵਿਅਕਤੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਸ਼੍ਰੀ ਸ਼ੁਭਮ ਅਗਰਵਾਲ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਡਿਜੀਟਲ ਅਰੈਸਟ ਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਵਧੇਰੇ ਚੌਕਸੀ ਵਰਤਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨਾਲ ਅਜਿਹੀ ਘਟਨਾ ਵਾਪਰ ਵੀ ਜਾਂਦੀ ਹੈ ਤਾਂ ਉਸ ਨੂੰ ਘਬਰਾਉਣ ਦੀ ਥਾਂ ‘ਤੇ ਤੁਰੰਤ ਸਰਕਾਰ ਦੇ ਟੋਲ ਫਰੀ ਹੈਲਪਲਾਈਨ ਨੰਬਰ 1930 ਉਤੇ ਸੂਚਨਾ ਦੇਣੀ ਚਾਹੀਦੀ ਹੈ ਅਤੇ ਨਾਲ ਹੀ ਸਰਕਾਰ ਦੇ ਪੋਰਟਲ cybercrime.gov.in ਉਤੇ ਤੁਰੰਤ ਸਿ਼ਕਾਇਤ ਦਰਜ ਕਰਵਾਉਣੀ ਚਾਹੀਦੀ ਹੈ ਤਾਂ ਜੋ ਬੈਂਕ ਖਾਤਾ ਫਰੀਜ ਹੋ ਸਕੇ ਅਤੇ ਠੱਗਾਂ ਨੂੰ ਰਾਸ਼ੀ ਕਢਵਾਉਣ ਤੋਂ ਰੋਕਿਆ ਜਾ ਸਕੇ। ਸ਼੍ਰੀ ਅਗਰਵਾਲ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਲੋਕਾਂ ਨੂੰ ਸਮਾਜਿਕ ਸ਼ਰਮ ਜਾਂ ਬਿਨਾਂ ਕਿਸੇ ਡਰ ਤੋਂ ਅੱਗੇ ਆ ਕੇ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਵਿਖੇ ਸਾਇਬਰ ਕਰਾਈਮ ਦੀ ਰੋਕਥਾਮ ਲਈ 24×7 ਸਾਇਬਰ ਪੁਲਿਸ ਸਟੇਸ਼ਨ ਵੀ ਕਾਰਜਸ਼ੀਲ ਹੈ ਜਿਸ ਦਾ ਲੋਕਾਂ ਨੂੰ ਲਾਭ ਲੈਣਾ ਚਾਹੀਦਾ ਹੈ। ਸ਼ੁਭਮ ਅਗਰਵਾਲ ਨੇ ਭੋਲ਼ੇ-ਭਾਲ਼ੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਸਾਇਬਰ ਕ੍ਰਿਮੀਨਲਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਨਹੀਂ ਆਉਣਗੇ ਤਾਂ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਦੇਸ਼ ਦੇ ਕਿਸੇ ਵੀ ਕੋਨੇ ਵਿੱਚੋਂ ਲੱਭ ਕੇ ਸਲਾਖਾਂ ਪਿੱਛੇ ਪਹੁੰਚਾਉਣ ਵਿੱਚ ਜਿ਼ਲ੍ਹਾ ਪੁਲਿਸ ਕੋਈ ਕਮੀ ਬਾਕੀ ਨਹੀਂ ਛੱਡੇਗੀ।



