
ਬਟਾਲਾ, 24 ਮਾਰਚ-ਪੰਜਾਬ ਅੰਦਰ ਹਾਲਾਤ ਦਿਨੋ ਦਿਨ ਬੱਦਤਰ ਹੁੰਦੇ ਜਾ ਰਹੇ ਹਨ। ਲੁਟੇਰਿਆਂ ਅਤੇ ਚੋਰਾਂ ਦੇ ਹੌਸਲੇ ਬੁਲੰਦ ਹਨ। ਨਿਤ ਦਿਨ ਲੁੱਟ ਖੋਹਾਂ ਦੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਲੋਕ ਡਾਹਢੇ ਦੁਖੀ ਹੋਏ ਪਏ ਹਨ। ਇਸੇ ਤਰ੍ਹਾਂ ਹੀ ਬੀਤੀ ਸ਼ਾਮ ਡਿਊਟੀ ਤੋਂ ਵਾਪਸ ਪਰਤ ਰਹੀ ਸਕੂਟਰੀ ਸਵਾਰ ਇਕ ਲੜਕੀ ਨੂੰ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਲੁਟੇਰਿਆਂ ਨੇ ਪਹਿਲਾਂ ਧੱਕਾ ਦੇ ਕੇ ਸਕੂਟਰੀ ਤੋਂ ਹੇਠਾਂ ਸੁੱਟ ਦਿੱਤਾ ਅਤੇ ਫਿਰ ਲੜਕੀ ਦਾ ਪਰਸ ਖੋਹ ਕੇ ਫਰਾਰ ਹੋ ਗਏ। ਲੜਕੀ ਦੇ ਪਰਸ ‘ਚ 55ਹਜ਼ਾਰ ਰੁਪਏ ਦੀ ਨਗਦੀ ਅਤੇ ਉਸਦਾ ਆਈਫੋਨ ਤੇ ਹੋਰ ਜਰੂਰੀ ਕਾਗਜ ਸਨ। ਇਸ ਲੁੱਟਖੋਹ ਦੀ ਘਟਨਾ ਚ ਪੀੜਤ ਲੜਕੀ ਸਕੂਟਰੀ ਤੋਂ ਡਿੱਗਣ ਨਾਲ ਜ਼ਖ਼ਮੀ ਹੋ ਗਈ ਹੈ। ਸਬੰਧੀ ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਲੁੱਟ ਦਾ ਸ਼ਿਕਾਰ ਹੋਈ ਲੜਕੀ ਦਾ ਪਿਤਾ ਵੀ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਸਿਮਰਨਜੀਤ ਕੌਰ ਪੁੱਤਰੀ ਸੁੱਚਾ ਸਿੰਘ ਵਾਸੀ ਬਾਲੇਵਾਲ ਨੇ ਦੱਸਿਆ ਕਿ ਉਹ ਗੁਰਦਾਸਪੁਰ ਚ ਇੱਕ ਪ੍ਰਾਈਵੇਟ ਮਨੀ ਐਕਸਚੇਂਜ ਵਿਖੇ ਕੰਮ ਕਰਦੀ ਹੈ।ਉਸ ਨੇ ਦੱਸਿਆ ਕਿ ਸ਼ਨੀਚਰਵਾਰ ਦੀ ਸ਼ਾਮ ਨੂੰ ਕਰੀਬ 7 ਵਜੇ ਬਟਾਲਾ ਬੱਸ ਸਟੈਂਡ ਉੱਤਰੀ ਅਤੇ ਉਥੋਂ ਉਹ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਘਰ ਨੂੰ ਜਾ ਰਹੀ ਸੀ। ਉਸਨੇ ਦੱਸਿਆ ਕਿ ਜਦ ਉਹ ਤਾਰਾਗੜ੍ਹ ਦੇ ਸੂਏ ਤੋਂ ਪਿੰਡ ਵੱਲ ਨੂੰ ਮੁੜੀ ਤਾਂ ਉਸਦੇ ਪਿਛੋਂ ਆਏ ਮੋਟਰਸਾਈਕਲ ਸਵਾਰ ਤਿੰਨ ਅਣਪਛਾਤਿਆਂ ਨੇ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ।ਉਸ ਨੇ ਦੱਸਿਆ ਕਿ ਜਦ ਉਸ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਇੱਕ ਲੁਟੇਰੇ ਨੇ ਲੱਤ ਮਾਰ ਕੇ ਉਸਨੂੰ ਸਕੂਟਰੀ ਸਮੇਤ ਹੇਠਾਂ ਸੁੱਟ ਦਿੱਤਾ। ਉਸਨੇ ਦੱਸਿਆ ਕਿ ਉਕਤ ਲੁਟੇਰੇ ਉਸ ਦਾ ਪਰਸ ਖੋਹ ਕੇ ਉਥੋਂ ਫ਼ਰਾਰ ਹੋ ਗਏ ਉਸਨੇ ਦੱਸਿਆ ਕਿ ਉਸਦੇ ਪਰਸ ਵਿੱਚ 55,000 ਦੀ ਨਕਦੀ, ਉਸਦਾ ਆਈਫੋਨ ਅਤੇ ਹੋਰ ਕਾਗਜ਼ਾਤ ਅਤੇ ਦਫਤਰ ਦੀ ਤਿਜ਼ੋਰੀ ਦੀਆਂ ਚਾਬੀਆਂ ਸਨ, ਜੋ ਲੁਟੇਰੇ ਖੋਹ ਕੇ ਰਫੂ ਚੱਕਰ ਹੋ ਗਏ। ਪੀੜਤ ਲੜਕੀ ਨੇ ਦੱਸਿਆ ਲੁਟੇਰਿਆਂ ਵੱਲੋਂ ਪਰਸ ਖੋਹਣ ਸਮੇਂ ਸਕੂਟਰੀ ਤੋਂ ਡਿੱਗਣ ਨਾਲ ਉਸ ਦੇ ਮੋਢੇ ਅਤੇ ਉਂਗਲਾਂ ਤੇ ਸੱਟ ਲੱਗ ਗਈ । ਪੀੜਤ ਲੜਕੀ ਦੇ ਪਿਤਾ ਸੁੱਚਾ ਸਿੰਘ ਨੇ ਦੱਸਿਆ ਕਿ ਲੁੱਟ ਸਬੰਧੀ ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਉਧਰ ਇਸ ਘਟਨਾ ਦੇ ਨਾਲ ਲੋਕਾਂ ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।



