Punjab

ਡਰੱਗ ਮਾਫੀਆ ਦਾ ਲੱਕ ਤੋੜ ਰਹੀ ਹੈ ਸਰਕਾਰ, ਚੀਮਾ ਨੇ ਕਿਹਾ- ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸਰਕਾਰੀ ਮੁਹਿੰਮ ਨਹੀਂ ਸਗੋਂ ਲੋਕ ਲਹਿਰ ਬਣ ਗਈ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 27 ਜੁਲਾਈ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਨਸ਼ਿਆਂ ਵਿਰੁੱਧ ਜੰਗ’ ਸੂਬੇ ਭਰ ਵਿਚ ਲਹਿਰ ਬਣ ਗਈ ਹੈ। ਚੀਮਾ ਨੇ ਕਿਹਾ ਕਿ ਸਾਡੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸਿਰਫ਼ ਸਰਕਾਰੀ ਮੁਹਿੰਮ ਨਹੀਂ ਹੈ, ਸਗੋਂ ਇਹ ਲੋਕ ਲਹਿਰ ਬਣ ਗਈ ਹੈ। ਆਮ ਨਾਗਰਿਕਾਂ ਤੋਂ ਲੈ ਕੇ ਪਿੰਡਾਂ ਦੇ ਸਰਪੰਚਾਂ, ਪੰਚਾਂ, ਵਿਧਾਇਕਾਂ ਅਤੇ ਖੁਦ ਮੁੱਖ ਮੰਤਰੀ ਤੱਕ ਹਰ ਕੋਈ ਇਸ ਜੰਗ ਦਾ ਹਿੱਸਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਡਰੱਗ ਮਾਫੀਆ ਦੀ ਰੀੜ੍ਹ ਦੀ ਹੱਡੀ ਤੋੜ ਰਹੀ ਹੈ ਜਿਸ ਕਰ ਕੇ ਵਿਰੋਧੀ ਧਿਰ ਬੁਖਲਾ ਗਈ ਹੈ। ਉਨ੍ਹਾਂ ਕਿਹਾ ਜਦੋਂ ਵੀ ਅਸੀਂ ਸਖ਼ਤ ਕਾਰਵਾਈ ਕਰਦੇ ਹਾਂ ਭਾਵੇਂ ਉਹ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨਾ ਹੋਵੇ ਜਾਂ ਉਨ੍ਹਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਢਾਹਣਾ ਹੋਵੇ, ਵਿਰੋਧੀ ਧਿਰ ਦਾ ਕੋਈ ਨਾ ਕੋਈ ਆਗੂ ਅੱਗੇ ਆ ਕੇ ਉਨ੍ਹਾਂ ਦਾ ਬਚਾਅ ਕਰਨਾ ਸ਼ੁਰੂ ਕਰ ਦਿੰਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਹਾਲੀਆ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਚੀਮਾ ਨੇ ਕਿਹਾ, ‘ਉਨ੍ਹਾਂ ਦੇ ਬਿਆਨਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਸਾਰੇ ਹੀ ਡਰੱਗ ਮਾਫੀਆ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਇਹ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਹੋਵੇ ਸਗੋਂ ਉਹ ਇਸ ਮੁੱਦੇ ਨੂੰ ਰਾਜਨੀਤਕ ਉਦੇਸ਼ਾਂ ਲਈ ਵਰਤਣਾ ਚਾਹੁੰਦੇ ਹਨ ਅਤੇ ਡਰੱਗ ਦੇ ਵਪਾਰ ਨੂੰ ਜਾਰੀ ਰੱਖਣਾ ਚਾਹੁੰਦੇ ਹਨ। ਉਨ੍ਹਾਂ ਮਨੁੱਖੀ ਅਧਿਕਾਰਾਂ ਦਾ ਹਵਾਲਾ ਦੇ ਕੇ ਡਰੱਗ ਮਾਫੀਆ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਈ ਕੈਪਟਨ ਅਮਰਿੰਦਰ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ 2017 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਕਿਹਾ ਸੀ ਕਿ ਉਹ ਚਾਰ ਹਫ਼ਤਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਣਗੇ। ਕਾਂਗਰਸ ਦੀ ਸਰਕਾਰ ਬਣੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ‘ਆਪ’ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਇਹ ਪੰਜਾਬ ਦੇ ਭਵਿੱਖ ਦੀ ਲੜਾਈ ਹੈ।

Related Articles

Leave a Reply

Your email address will not be published. Required fields are marked *

Back to top button