
ਫਗਵਾੜਾ, 16 ਜੁਲਾਈ : ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਵਿੱਢੀ ਗਈ ਮੁਹਿੰਮ ਨੂੰ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਦੀ ਅਗਵਾਈ ਹੇਠ ਜੋਸ਼ ਮਿਲ ਰਿਹਾ ਹੈ। ਉਹਨਾਂ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਕੱਸੀ ਜਾ ਰਹੀ ਨਕੇਲ ਕਾਰਨ ਹੀ ਥਾਣਾ ਸਿਟੀ ਪੁਲਿਸ ਨੇ ਸਰੋਜ ਮੈਡੀਕਲ ਸਟੋਰ ਸ਼ਿਵਪੁਰੀ ਫਗਵਾੜਾ ਦੇ ਮਾਲਕ ਸੋਨੂ ਸਰੋਜ ਨੂੰ ਨਸ਼ੀਲੀਆਂ ਗੋਲੀਆਂ ਵੇਚਣ ਕਾਰਨ ਗ੍ਰਿਫਤਾਰ ਕੀਤਾ ਹੈ। ਜਿਸ ਦੇ ਘਰ ‘ਚੋਂ ਪੁਲਿਸ ਨੇ 1335 ਨਸ਼ੀਲੀਆਂ ਗੋਲੀਆਂ ਅਤੇ ਇਕ ਲੱਖ 3 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ ਹੈ।ਪੁਲਿਸ ਮੁਤਾਬਕ ਸੋਨੂ ਸਰੋਜ ਮੈਡੀਕਲ ਸਟੋਰ ਦੀ ਆੜ ਵਿੱਚ ਨਸ਼ੀਲੀਆਂ ਗੋਲੀਆਂ ਤੇ ਨਸ਼ੀਲੇ ਕੈਪਸੂਲ ਵੇਚਦਾ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੋਨੂ ਸਰੋਜ ਆਪਣੇ ਘਰ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਰੱਖਦਾ ਹੈ ਪੁਲਿਸ ਨੇ ਰੇਡ ਦੌਰਾਨ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਅਤੇ ਡਰੱਗ ਮਨੀ ਬਰਾਮਦ ਕਰਕੇ ਸੋਨੂ ਸਰੋਜ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨੂ ਸਰੋਜ ਨੇ ਡਰੱਗ ਮਨੀ ਨਾਲ ਗਰੇਟਰ ਕੈਲਾਸ਼ ਕਾਲੋਨੀ ਵਿੱਚ ਵੀ ਸੰਪਤੀ ਬਣਾਈ ਹੈ ਜਦੋਂ ਇਸ ਸਬੰਧੀ ਐਸਪੀ ਰੁਪਿੰਦਰ ਕੌਰ ਭੱਟੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਫਗਵਾੜਾ ਸ਼ਹਿਰ ਅੰਦਰ ਕਿਸੇ ਵੀ ਤਰ੍ਹਾਂ ਦਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਜੋ ਵੀ ਉਹਨਾਂ ਨੇ ਨਸ਼ੇ ਦਾ ਕਾਰੋਬਾਰ ਕਰਕੇ ਲੋਕਾਂ ਦੇ ਜਵਾਨ ਪੁੱਤ ਨਸ਼ੇ ‘ਤੇ ਲਗਾ ਕੇ ਸੰਪਤੀਆਂ ਬਣਾਈਆਂ ਗਈਆਂ ਹਨ ਉਹਨਾਂ ਸਾਰੀਆਂ ਨੂੰ ਸੀਲ ਕੀਤਾ ਜਾਵੇਗਾ ਤਾਂ ਜੋ ਅੱਗੇ ਤੋਂ ਕੋਈ ਵੀ ਨਸ਼ੇ ਦਾ ਕਾਰੋਬਾਰ ਕਰਨ ਬਾਰੇ ਸੋਚ ਵੀ ਨਾ ਸਕੇ।



