Punjab

ਟਾਇਰਾਂ ਨੂੰ ਪੈਂਚਰ ਲਗਾ ਕੇ ਪੇਟ ਪਾਲਣ ਲਈ ਮਜਬੂਰ ਪੈਰਾ ਓਲੰਪਿਕ ਗੋਲਡ ਮੈਡਲਿਸਟ, ਸਰਕਾਰੀ ਸਹਾਇਤਾ ਤੇ ਨੌਕਰੀ ਮਿਲਣ ਦੀ ਉਡੀਕ

ਫਰੀਦਕੋਟ, 4 ਮਈ : ਇਕ ਪਾਸੇ ਜਿੱਥੇ ਸੂਬਾ ਸਰਕਾਰ ਨੌਜਵਾਨਾਂ ਨੂੰ ਖੇਡਾਂ ਵਿਚ ਉਤਸ਼ਾਹਿਤ ਕਰਨ ਲਈ ਵੱਖ-ਵੱਖ ਮੁਹਿੰਮਾਂ ਚਲਾਉਣ ਦੀ ਗੱਲ ਕਰ ਰਹੀ ਹੈ, ਉੱਥੇ ਹੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚਹਿਲ ਦੇ ਨਿਵਾਸੀ ਪੈਰਾ ਓਲੰਪਿਕ ਗੋਲਡ ਮੈਡਲਿਸਟ ਹਰਜੀਤ ਸਿੰਘ ਆਪਣਾ ਪੇਟ ਪਾਲਣ ਲਈ ਟਾਇਰਾਂ ਨੂੰ ਪੈਂਚਰ ਲਗਾਉਣ ਲਈ ਮਜਬੂਰ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ 2023 ਵਿਚ ਪੈਰਾ ਓਲੰਪਿਕ ਵਿਚ ਸੋਨ ਤਗਮਾ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਅਤੇ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਗਿਆ ਸੀ ਪਰ ਉਸ ਨੂੰ ਅਜੇ ਤੱਕ ਇਹ ਸਹਾਇਤਾ ਨਹੀਂ ਮਿਲੀ ਹੈ। ਜ਼ਿਕਰਯੋਗ ਹੈ ਕਿ ਪਿੰਡ ਚਹਿਲ ਦੇ ਵਾਸੀ ਹਰਜੀਤ ਸਿੰਘ ਮਾਨਸਿਕ ਤੌਰ ’ਤੇ ਕੁਝ ਕਮਜ਼ੋਰ ਹੈ ਪਰ ਇਸ ਦੇ ਬਾਵਜੂਦ ਉਸ ਨੇ ਕਦੇ ਹਾਲਾਤ ਨਾਲ ਸਮਝੌਤਾ ਨਹੀਂ ਕੀਤਾ। ਪਰਿਵਾਰ ਦੀ ਆਰਥਿਕ ਤੰਗੀ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਹੋਣ ਦੇ ਬਾਵਜੂਦ ਹਰਜੀਤ ਸਿੰਘ ਨੇ ਨਾ ਸਿਰਫ ਬਾਰ੍ਹਵੀਂ ਪਾਸ ਕੀਤੀ, ਸਗੋਂ ਇਲੈਕਟ੍ਰੀਕਲ ਵਿਚ ਆਈਟੀਆਈ ਵੀ ਪਾਸ ਕੀਤੀ। ਜਦੋਂ ਉਹ ਸਥਾਨਕ ਸਰਕਾਰੀ ਬਲਬੀਰ ਸੀਨੀਅਰ ਸਕੈਂਡਰੀ ਸਕੂਲ ਵਿਚ ਪੜ੍ਹਾਈ ਕਰ ਰਿਹਾ ਸੀ, ਤਾਂ ਨੌਂਵੀ ਕਲਾਸ ਦੌਰਾਨ ਉਹ ਮੈਦਾਨ ਵਿਚ ਹੋਰ ਵਿਦਿਆਰਥੀਆਂ ਅਤੇ ਕੋਚ ਨੂੰ ਫੁੱਟਬਾਲ ਖੇਡਦੇ ਵੇਖਦਾ ਸੀ। ਇਸ ਤੋਂ ਬਾਅਦ ਉਸ ਦੇ ਮਨ ਵਿਚ ਵੀ ਫੁੱਟਬਾਲ ਖੇਡਣ ਦੀ ਲਗਨ ਪੈਦਾ ਹੋਈ ਅਤੇ ਉਹ ਵੀ ਮੈਦਾਨ ਵਿਚ ਜਾਣ ਲੱਗਾ। ਜਿੱਥੇ ਕੋਚ ਇਕਬਾਲ ਸਿੰਘ ਅਤੇ ਮਨਦੀਪ ਬਰਾੜ ਨੇ ਉਸ ਦੀ ਮਦਦ ਕੀਤੀ ਅਤੇ ਫੁੱਟਬਾਲ ਖੇਡਣ ਵਿਚ ਸਹਾਇਤਾ ਕਰਨ ਦੇ ਨਾਲ-ਨਾਲ ਉਸ ਨੂੰ ਸਿਖਲਾਈ ਵੀ ਦੇਣ ਲੱਗੇ। ਇਸ ਤੋਂ ਬਾਅਦ ਫੁੱਟਬਾਲ ਪ੍ਰਤੀ ਉਸ ਦੀ ਲਗਨ ਵਧਣ ਲੱਗੀ ਅਤੇ ਉਹ ਇਕ ਵਧੀਆ ਖਿਡਾਰੀ ਬਣ ਗਿਆ। ਇਸੇ ਦੌਰਾਨ 2021 ਵਿਚ ਜਦੋਂ ਪੈਰਾ ਖਿਡਾਰੀਆਂ ਲਈ ਲੁਧਿਆਣਾ ਵਿਚ ਹੋਣ ਵਾਲੇ ਟਰਾਇਲ ਦਾ ਪੱਤਰ ਸਕੂਲ ਵਿਚ ਆਇਆ, ਤਾਂ ਕੋਚ ਇਕਬਾਲ ਸਿੰਘ ਵੱਲੋਂ ਉਸ ਦਾ ਨਾਂ ਉੱਥੇ ਭੇਜਿਆ ਗਿਆ। ਉਪਰੰਤ ਲੁਧਿਆਣਾ ਵਿਚ ਹੋਏ ਇਸ ਟਰਾਇਲ ਤੋਂ ਬਾਅਦ ਹਰਜੀਤ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਗੌਰਤਲਬ ਹੈ ਕਿ ਲੁਧਿਆਣਾ ਤੋਂ ਬਾਅਦ ਉਸ ਨੇ ਪਟਿਆਲਾ ਦੇ ਟਰਾਇਲ ਵਿਚ ਭਾਗ ਲਿਆ ਅਤੇ ਫਿਰ ਗੁਜਰਾਤ ਅਤੇ ਝਾਰਖੰਡ ਵਿਚ ਕਰਵਾਏ ਗਏ ਨੈਸ਼ਨਲ ਕੈਂਪ ਵਿਚ ਭਾਗ ਲਿਆ। ਇਸ ਤੋਂ ਬਾਅਦ ਨੋਇਡਾ ਵਿਚ ਭਾਗ ਲੈਣ ਤੋਂ ਬਾਅਦ ਉਸ ਦੀ ਚੋਣ 17 ਤੋਂ 25 ਜੂਨ 2023 ਵਿਚ ਜਰਮਨੀ ਦੇ ਬਰਲਿਨ ਸ਼ਹਿਰ ਵਿਚ ਪੈਰਾ ਓਲੰਪਿਕ ਵਿਚ ਭਾਰਤ ਦੀ ਫੁੱਟਬਾਲ ਟੀਮ ਲਈ ਹੋਈ। ਹਰਜੀਤ ਦਾ ਇਸ ਟੂਰਨਾਮੈਂਟ ਵਿਚ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਅਤੇ ਇਸ ਦੇ ਫਲਸਰੂਪ ਹਰਜੀਤ ਦੀ ਪੂਰੀ ਟੀਮ ਨੂੰ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਹਰਜੀਤ ਨੂੰ ਗੋਲਡ ਮੈਡਲ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਵੀ ਉਸ ਨੇ ਚੇਨਈ ਵਿਚ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਸੋਨ ਤਗਮੇ ਤੋਂ ਇਲਾਵਾ ਵੱਖ-ਵੱਖ ਰਾਜਾਂ ਵਿਚ ਹੋਏ ਮੁਕਾਬਲਿਆਂ ਵਿਚ ਤਗਮੇ ਪ੍ਰਾਪਤ ਕੀਤੇ। ਪੈਰਾ ਓਲੰਪਿਕ ਵਿਚ ਤਗਮਾ ਪ੍ਰਾਪਤ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੈਰਾ ਖਿਡਾਰੀਆਂ ਨਾਲ ਮੁਲਾਕਾਤ ਦੌਰਾਨ ਸਰਕਾਰ ਵੱਲੋਂ ਐਲਾਨ ਕੀਤੇ ਗਏ 75 ਲੱਖ ਰੁਪਏ ਦੇ ਨਕਦ ਇਨਾਮ ਅਤੇ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਗਿਆ ਪਰ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਹੋ ਸਕਿਆ ਹੈ। ਹਰਜੀਤ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਜੀਤ ਨੇ ਦਿਨ-ਰਾਤ ਇਕ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਪੇਟ ਪਾਲਣ ਲਈ ਸਰਕਾਰੀ ਨੌਕਰੀ ਦਿਵਾਉਣ ਲਈ ਉਹ ਪ੍ਰਸ਼ਾਸਨ ਤੋਂ ਲੈ ਕੇ ਮੰਤਰੀ ਸੰਤਰੀ ਤੱਕ ਸਭ ਦੇ ਕੋਲ ਜਾ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਸਿਰਫ਼ ਭਰੋਸੇ ਹੀ ਮਿਲੇ ਹਨ। ਹਰਜੀਤ ਦੇ ਪਿਤਾ ਸ਼ਾਮਾ ਸਿੰਘ ਨੇ ਵੀ ਨਮ ਅੱਖਾਂ ਨਾਲ ਆਪਣੇ ਪੁੱਤਰ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਕਿਹਾ ਕਿ ਸਰਕਾਰ ਆਪਣੇ ਵਾਅਦੇ ਨੂੰ ਪੂਰਾ ਕਰੇ ਤਾਂ ਕਿ ਉਸ ਵਰਗੇ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਨਾ ਮਿਲੇ ਜੋ ਸਰੀਰਕ ਕਮਜ਼ੋਰੀ ਦੇ ਕਾਰਨ ਘਰ ਬੈਠ ਜਾਂਦੇ ਹਨ ਪਰ ਉਨ੍ਹਾਂ ਦੇ ਪੁੱਤਰ ਨੇ ਹਾਰ ਮੰਨਣ ਦੀ ਬਜਾਏ ਸੰਘਰਸ਼ ਜਾਰੀ ਰੱਖਿਆ ਹੋਇਆ ਹੈ ਅਤੇ ਹੁਣ ਵੀ ਪੇਟ ਪਾਲਣ ਲਈ ਟਾਇਰਾਂ ਨੂੰ ਪੈਂਚਰ ਲਗਾ ਰਿਹਾ ਹੈ। ਇਸ ਸੰਬੰਧ ਵਿਚ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਹਰ ਖਿਡਾਰੀ ਦਾ ਮਾਣ-ਸਨਮਾਨ ਕਰੇਗੀ। ਹਰਜੀਤ ਸਿੰਘ ਦੀ ਫਾਈਲ ਬਣਾ ਕੇ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਜਲਦੀ ਹੀ ਸਰਕਾਰ ਉਨ੍ਹਾਂ ਦੀ ਸਹਾਇਤਾ ਕਰੇਗੀ।

Related Articles

Leave a Reply

Your email address will not be published. Required fields are marked *

Back to top button