
ਹੁਸ਼ਿਆਰਪੁਰ, 20 ਜੁਲਾਈ : ਅੱਜ ਸਵੇਰੇ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਤੋਂ ਪਠਾਨਕੋਟ ਨੂੰ ਜਾਂਦੇ ਰਾਸ਼ਟਰੀ ਰਾਜਮਾਰਗ ‘ਤੇ ਇੱਕ ਸੜਕ ਹਾਦਸੇ ਸਕੂਟਰੀ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ। ਉਨ੍ਹਾਂ ਇੱਕ ਬੱਚਾ ਗੰਭੀਰ ਜ਼ਖਮੀ ਹੋ ਗਿਆ। ਇਹ ਘਟਨਾ ਅੱਜ ਸਵੇਰੇ ਉਸ ਸਮੇਂ ਵਾਪਰੀ ਜਦੋਂ ਇੱਕ ਅਣਪਛਾਤੇ ਟਰੱਕ ਨੇ ਸਕੂਟਰੀ ‘ਤੇ ਮੁਕੇਰੀਆਂ ਵੱਲ ਆ ਰਹੇ ਪਤੀ-ਪਤਨੀ ਅਤੇ ਉਨ੍ਹਾਂ ਦੇ ਬੱਚੇ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦਾ 4 ਸਾਲਾ ਬੱਚਾ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਕੇਸ਼ ਕੁਮਾਰ ਅਤੇ ਅੰਜੂ ਬਾਲਾ ਵਜੋਂ ਹੋਈ ਹੈ। ਮ੍ਰਿਤਕ ਦੋਵੇਂ ਪਤੀ-ਪਤਨੀ ਸਨ ਅਤੇ ਮੁਕੇਰੀਆਂ ਦੇ ਪਿੰਡ ਭੱਟੀਆਂ ਰਾਜਪੂਤਾ ਦੇ ਰਹਿਣ ਵਾਲੇ ਸਨ। ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਆਪਣੀ ਪਤਨੀ ਅੰਜੂ ਅਤੇ 4 ਸਾਲ ਦੇ ਪੁੱਤਰ ਨਾਲ ਪਠਾਨਕੋਟ ਸਥਿਤ ਆਪਣੇ ਸਹੁਰੇ ਘਰ ਗਿਆ ਸੀ। ਅੱਜ ਵਾਪਸ ਆਉਂਦੇ ਸਮੇਂ ਮੁਕੇਰੀਆਂ ਨੇੜੇ ਪਿੰਡ ਮਾਸ਼ਾਪੁਰ ਨੇੜੇ ਇੱਕ ਅਣਪਛਾਤੇ ਟਰੱਕ ਨੇ ਉਨ੍ਹਾਂ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਰਾਕੇਸ਼ ਅਤੇ ਅੰਜੂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਬੱਚੇ ਨੂੰ ਤੁਰੰਤ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਮੁਕੇਰੀਆਂ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ਵਿੱਚ ਰੱਖ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।



